ਪਵਨ ਕੁਮਾਰ ਵਰਮਾ
ਧੂਰੀ, 9 ਜੁਲਾਈ
ਕਰੋਨਾ ਮਹਾਮਾਰੀ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ਦੀਆਂ ਕਰੋਨਾ ਪੀੜਤ ਗਰਭਵਤੀ ਮਹਿਲਾਵਾਂ ਲਈ ਇੱਕੋ-ਇੱਕ ਜਣੇਪਾ ਕੇਂਦਰ ਸਿਵਲ ਹਸਪਤਾਲ ਧੂਰੀ ’ਚ ਵੱਖਰੇ ਤੌਰ ’ਤੇ ਬਣਾਇਆ ਹੋਇਆ ਹੈ ਤਾਂ ਜੋ ਸਿਵਲ ਹਸਪਤਾਲ ’ਚ ਇਲਾਜ਼ ਲਈ ਆਉਣ ਵਾਲੇ ਦੂਸਰੇ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਨਾ ਹੋਵੇ। ਇਨ੍ਹੀਂ ਦਿਨੀਂ ਪੰਜ ਕਰੋੋਨਾ ਪੀੜਤ ਗਰਭਵਤੀ ਮਹਿਲਾਵਾਂ ਜਣੇਪਾ ਕਰਵਾਉਣ ਲਈ ਸਿਵਲ ਹਸਪਤਾਲ ਧੂਰੀ ਵਿੱਚ ਬਣਾਏ ਗਏ ਸਪੈਸ਼ਲ ਕਰੋਨਾ ਵਾਰਡ ’ਚ ਦਾਖਲ ਹਨ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਸਿਵਲ ਹਸਪਤਾਲ ਧੂਰੀ ਵਿੱਚ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਾ ਕਿ ਦਾਖਲ ਗਰਭਵਤੀ ਮਹਿਲਾਵਾਂ ਵਿੱਚੋਂ ਦੋ ਔਰਤਾਂ ਸੁਨਾਮ ਸ਼ਹਿਰ ਦੀਆਂ ਹਨ, ਇੱਕ ਔਰਤ ਮਾਲੇਰਕੋਟਲਾ, ਇੱਕ ਭਵਾਨੀਗੜ੍ਹ ਤੇ ਇੱਕ ਦੁੱਗਾਂ ਦੀ ਰਹਿਣ ਵਾਲੀ ਹੈ। ਸਿਵਲ ਹਸਪਤਾਲ ਧੂਰੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਸ਼ਰਨ ਸਿੰਘ ਤੇ ਹਸਪਤਾਲ ਦੀ ਨਰਸਿੰਗ ਸਿਸਟਰ ਨੇ ਇਨ੍ਹਾਂ ਮਹਿਲਾਵਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੇ ਪ੍ਰਬੰਧ ਬਾਰੇ ਦੱਸਿਆ ਕਿ ਜਣੇਪੇ ਲਈ ਪਹੁੰਚੀਆਂ ਇਨ੍ਹਾਂ ਬੀਬੀਆਂ ਲਈ ਸਿਵਲ ਹਸਪਤਾਲ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ। ਇਨ੍ਹਾਂ ਨੂੰ ਤਿੰਨ ਵੇਲੇ ਖਾਣਾ ਦਿੱਤਾ ਜਾ ਰਿਹਾ ਹੈ ਤੇ ਜ਼ਿਲ੍ਹੇ ਦੇ ਵੱਖ-ਵੱਖ ਸਿਵਲ ਹਸਪਤਾਲਾਂ ਦੇ ਮਾਹਰ ਗਾਇਨੋਕੋਲੋਜਿਸਟ ਡਾਕਟਰਾਂ ਵੱਲੋਂ ਇਨ੍ਹਾਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਾਇਨੋਕੋਲੋਜਿਸਟ ਡਾਕਟਰਾਂ ਦੇ ਨਾਲ-ਨਾਲ ਬੱਚਿਆਂ ਦੇ ਮਾਹਰ ਡਾਕਟਰਾਂ ਦੀਆਂ ਡਿਊਟੀਆਂ ਵੀ ਇਨ੍ਹਾਂ ਮਹਿਲਾਵਾਂ ਤੇ ਉਨ੍ਹਾਂ ਦੇ ਪੈਦਾ ਹੋਣ ਵਾਲੇ ਬੱਚਿਆਂ ਦਾ ਚੈੱਕਅੱਪ ਸਮੇਂ ਸਿਰ ਕਰਨ ਲਈ ਲਗਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਨਵ-ਜਨਮੇ ਬੱਚਿਆਂ ਦੇ ਸੈਂਪਲ ਵੀ ਕਰੋਨਾ ਟੈਸਟ ਲਈ ਭੇਜੇ ਜਾਣਗੇ। ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ (ਕੋਵਿਡ-19) ਦੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ, ਸਿਵਲ ਹਸਪਤਾਲ ਮਾਲੇਰਕੋਟਲਾ ਤੇ ਕਰੋਨਾ ਕੇਅਰ ਸੈਂਟਰ ਘਾਬਦਾਂ ਵਿੱਚ ਇਲਾਜ ਕੇਂਦਰ ਬਣਾਏ ਹੋਏ ਹਨ ਤੇ ਇਨ੍ਹਾਂ ਕਰੋਨਾ ਪੀੜਤ ਗਰਭਵਤੀ ਮਹਿਲਾਵਾਂ ਦੀ ਦੇਖ-ਭਾਲ ਇਨੀਂ ਦਿਨੀਂ ਨੇੜਲੇ ਰਿਸ਼ਤੇਦਾਰਾਂ ਦੀ ਬਜਾਏ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਹੀ ਕੀਤੀ ਜਾ ਰਹੀ ਹੈ।
ਅਮਰਗੜ੍ਹ ਥਾਣੇ ਦੇ 6 ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ
ਅਮਰਗੜ੍ਹ (ਰਾਜਿੰਦਰ ਜੈਦਕਾ) ਥਾਣਾ ਅਮਰਗੜ੍ਹ ਦੇ 6 ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ਨਾਲ ਇਲਾਕੇ ਦਾ ਲੋਕਾਂ ਵਿੱਚ ਡਰ ਪਾਇਆ ਜਾ ਰਿਹਾ ਹੈ। ਨੋਡਲ ਅਫਸਰ ਰਣਬੀਰ ਢੰਡੇ ਤੇ ਸਿਹਤ ਸੁਪਰਵਾਈਜ਼ਰ ਦੁਰਗਾ ਪ੍ਰਸ਼ਾਦ ਨੇ ਦੱਸਿਆ ਕਿ ਪੁਲੀਸ ਵਿਭਾਗ ਦੇ ਇੱਕ ਕਰਮਚਾਰੀ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਨਾਲ 14 ਕਰਮਚਾਰੀਆਂ ਦੇ ਕੋਵਿਡ-19 ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 6 ਵਿਆਕਤੀ ਏਐੱਸਆਈ ਸੁਖਵਿੰਦਰ ਸਿੰਘ, ਗੁਰਵਿੰਦਰ ਕੌਰ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਜਗਦੀਪ ਸ਼ਰਮਾ ਦੇ ਸੈਂਪਲ ਪਾਜ਼ੇਟਿਵ ਆਏ ਹਨ ਅਤੇ 2 ਕਰਮਚਾਰੀਆਂ ਨੂੰ 48 ਘੰਟਿਆਂ ਬਾਅਦ ਮੁੜ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਕਰਮਚਾਰੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਕਰੋਨਾ ਪੀੜਤ ਪੁਲੀਸ ਕਰਮਚਾਰੀਆਂ ਨੂੰ ਐਂਬੂਲੈਂਸ ਰਾਹੀਂ ਕੋਵਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ਘਾਬਦਾਂ ਵਿੱਚ ਭੇਜ ਦਿੱਤਾ ਗਿਆ ਹੈ।
ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ ਇੱਕ ਹੋਰ ਮੌਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜੁਲਾਈ
ਜ਼ਿਲ੍ਹਾ ਸੰਗਰੂਰ ਵਿਚ ਇੱਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਕਰੋਨਾ ਪੀੜਤ 59 ਸਾਲਾ ਵਿਅਕਤੀ ਅਹਿਮਦਗੜ੍ਹ ਦਾ ਵਸਨੀਕ ਸੀ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਅੱਜ ਜ਼ਿਲ੍ਹੇ ਦੀ ਸਬ ਡਵੀਜ਼ਨ ਦਿੜਬਾ ਦੇ ਐੱਸਡੀਐੱਮ ਮਨਜੀਤ ਚੀਮਾ ਵੀ ਕਰੋਨਾ ਪੀੜਤ ਪਾਏ ਗਏ ਤੇ 14 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 11 ਕਰੋਨਾ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹਾ ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ 17ਵੀਂ ਮੌਤ ਹੋਈ ਹੈ। ਮ੍ਰਿਤਕ ਪ੍ਰਦੀਪ ਕੁਮਾਰ 59 ਅਹਿਮਦਗੜ੍ਹ ਦਾ ਵਸਨੀਕ ਸੀ। 1 ਜੁਲਾਈ ਨੂੰ ਓਸਵਾਲ ਹਸਪਤਾਲ ਲੁਧਿਆਣਾ ’ਚ ਦਾਖਲ ਹੋਇਆ ਸੀ ਜੋ ਸ਼ੂਗਰ, ਬਲੱਡ ਪ੍ਰੈਸ਼ਰ, ਖੰਘ ਤੇ ਬੁਖ਼ਾਰ ਤੋਂ ਪੀੜਤ ਸੀ ਜਿਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਬੀਤੀ ਰਾਤ ਪ੍ਰਦੀਪ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦਿੜਬਾ ਦੇ ਐੱਸਡੀਐੱਮ ਮਨਜੀਤ ਚੀਮਾ ਵੀ ਕਰੋਨਾ ਪੀੜਤ ਪਾਏ ਗਏ ਹਨ ਜਿਨ੍ਹਾਂ ਨੇ ਲੰਘੇ ਸ਼ੁੱਕਰਵਾਰ ਪੀਸੀਐੱਸ ਦੀ ਅਗਜੈਕਟਿਵ ਦੀ ਮੀਟਿੰਗ ’ਚ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸੰਪਰਕ ’ਚ ਆਏ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਜਿਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ। ਇਸਤੋਂ ਇਲਾਵਾ 14 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਸੰਗਰੂਰ ਦੇ 4, ਅਮਰਗੜ੍ਹ ਦੇ 5, ਮਲੇਰਕੋਟਲਾ, ਧੂਰੀ ਤੇ ਦਿੜਬਾ ਦਾ ਇੱਕ-ਇੱਕ ਮਰੀਜ਼ ਹੈ ਜਦੋਂਕਿ ਦੋ ਹੋਰ ਵਿਅਕਤੀ ਸ਼ਾਮਲ ਹਨ। ਅੱਜ 11 ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਹੁਣ ਤੱਕ ਜ਼ਿਲ੍ਹੇ ’ਚ 607 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜਿਨ੍ਹਾਂ ’ਚੋਂ 470 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।
ਜ਼ਿਲ੍ਹੇ ’ਚ ਹੁਣ ਤੱਕ 17 ਮੌਤਾਂ ਹੋ ਚੁੱਕੀਆਂ ਹਨ। ਹੁਣ ਜ਼ਿਲ੍ਹੇ ’ਚ 120 ਐਕਟਿਵ ਮਰੀਜ਼ ਹਨ ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਿਵਲ ਸਰਜਨ ਡਾ. ਰਾਜ ਕੁਮਾਰ ਵੀ ਕਰੋਨਾ ਪੀੜਤ ਪਾਏ ਗਏ ਸਨ ਜੋ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਡੇਸ਼ਨ ਵਾਰਡ ’ਚ ਦਾਖਲ ਹਨ।