ਕੂੜਾ ਸੁੱਟਣ ’ਤੇ ਹੋ ਸਕਦੈ 50 ਹਜ਼ਾਰ ਤੱਕ ਜੁਰਮਾਨਾ
ਕੂੜਾ ਪ੍ਰਬੰਧਨ ਦੀਆਂ ਦਰਾਂ ਵਧਾਈਆਂ; ਨਗਰ ਨਿਗਮ ਦੀ ਮੀਟਿੰਗ ’ਚ ਸਿਹਤ ਮੰਤਰੀ ਤੇ ਵਿਧਾਇਕ ਸ਼ਾਮਲ ਹੋਏ
ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਖੁੱਲ੍ਹੇ ’ਚ ਕੂੜਾ ਸੁੱਟਣ ’ਤੇ ਸਲੈਬਾਂ ਤਹਿਤ 50 ਹਜ਼ਾਰ ਤੱਕ ਦੇ ਜੁਰਮਾਨੇ ਦੀ ਵਿਵਸਥਾ, ਠੋਸ ਕੂੜਾ ਇਕੱਠਾ ਕਰਨ ਅਤੇ ਪ੍ਰਬੰਧਨ ਸਬੰਧੀ ਯੂਜ਼ਰ ਚਾਰਜਿਜ਼ ਦੀਆਂ ਸੋਧੀਆਂ ਦਰਾਂ ਸਮੇਤ ਬਾਕੀ ਸਾਰੇ ਮਤਿਆਂ ’ਤੇ ਵੀ ਮੋਹਰ ਲਾਈ ਗਈ। 100 ਟਨ ਪ੍ਰਤੀ ਦਿਨ ’ਤੇ ਆਧਾਰਿਤ ਬਾਇਓਗੈਸ ਪਲਾਂਟ ਹੁਣ ਦੂਧੜ ਦੀ ਬਜਾਏ ਕੂੜਾ ਡੰਪ ਕੋਲ ਸਥਾਪਤ ਹੋਵੇਗਾ।
ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠਲੀ ਇਸ ਮੀਟਿੰਗ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਕੋਹਲੀ ਨੇ ਵੀ ਮੈਂਬਰਾਂ ਵਜੋਂ ਸ਼ਿਰਕਤ ਕੀਤੀ। ਕੂੜਾ ਪ੍ਰਬੰਧਨ ਸਬੰਧੀ ਹੁਣ 200 ਵਰਗ ਮੀਟਰ ਤੱਕ ਦੇ ਮਕਾਨਾਂ ਤੋਂ 61 ਰੁਪਏ ਮਹੀਨਾ, 201 ਤੋਂ 500 ਵਰਗ ਮੀਟਰ ਤੋਂ 122 ਰੁਪਏ ਅਤੇ 500 ਵਰਗ ਮੀਟਰ ਤੋਂ ਵੱਧ ਦੇ ਮਕਾਨਾਂ ਤੋਂ 243 ਰੁਪਏ ਵਸੂਲੇ ਜਾਣਗੇ। ਹੋਰ ਸ਼੍ਰੇਣੀਆਂ ’ਤੇ ਵੀ ਨਵੀਂਆਂ ਦਰਾਂ ਲਾਗੂ ਹੋਣਗੀਆਂ। ਹਰ ਸਾਲ ਪੰਜ ਫੀਸਦੀ ਵਾਧਾ ਵੀ ਹੋਵੇਗਾ।
ਇਸੇ ਤਰ੍ਹਾਂ ਅੰਦਰੂਨੀ ਰਸਤਿਆਂ ਦੇ ਵਿਕਾਸ ਲਈ ਜ਼ੋਨ-ਬੀ ਵਿੱਚ ਕੰਕਰੀਟ ਅਤੇ ਪੇਵਰ ਲਗਾਉਣ ਦੇ 5.24 ਕਰੋੜ ਦੇ ਕੰਮ ਸਮੇਤ ਅਲੀਪੁਰ ਚੌਕ ਤੋਂ ਫੈਕਟਰੀ ਏਰੀਆ ਤੱਕ ਸੜਕ ਦੀ ਕਾਰਪੇਟਿੰਗ ਲਈ 1.49 ਕਰੋੜ ਦੇ ਤਖਮੀਨੇ ਨੂੰ ਵੀ ਮਨਜ਼ੂਰੀ ਮਿਲੀ। ਸਾਫ਼ ਸਫਾਈ ਵਿੱਚ ਸੁਧਾਰ ਲਈ ਮੁੱਖ ਸੜਕਾਂ ਦੀ ਮਸ਼ੀਨੀ ਅਤੇ ਮੈਨੂਅਲ ਸਵੀਪਿੰਗ ਲਈ 9.75 ਕਰੋੜ ਦੇ ਕੰਮਾਂ ’ਤੇ ਵੀ ਮੋਹਰ ਲੱਗੀ। ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਕੰਮਾਂ ’ਚ 24 ਫੀਸਦੀ ਦਾ ਵਾਧਾ ਕਰਦਿਆਂ ਸੋਧੀ ਤਖਮੀਨਾ ਰਕਮ 9.14 ਕਰੋੜ ਰੁਪਏ ’ਤੇ ਅੱਪੜ ਗਈ, ਇਸ ਕੰਮ ਦੀ ਮਿਆਦ ਵੀ 31 ਜਨਵਰੀ 2027 ਤੱਕ ਵਧਾ ਦਿੱਤੀ ਗਈ। ਕਮਿਊਨਿਟੀ ਸੈਂਟਰ-1 ਦੀ ਲਾਗਤ ਵੀ 1.55 ਕਰੋੜ ਤੋਂ ਵਧਾ ਕੇ 1.90 ਕਰੋੜ ਕਰ ਦਿੱਤੀ ਗਈ। ਕਰਮਚਾਰੀਆਂ ਦੇ ਮਾਮਲੇ ਵੀ ਮਨਜ਼ੂਰ ਕੀਤੇ ਗਏ। ਤੋਪਖਾਨਾ ਗੇਟ ਤੋਂ ਬਾਬਾ ਰਾਮਦੇਵ ਚੌਕ ਤੱਕ ਸੜਕ ਦਾ ਨਾਮ ‘ਐਡਵੋਕੇਟ ਡਿੰਪਲ ਖੱਤਰੀ ਮਾਰਗ’ ਰੱਖਣ ਸਮੇਤ ਕੁਝ ਸਥਾਨਾ ਨੂੰ ਆਜ਼ਾਦੀ ਘੁਲਾਟੀਆਂ ਦੇ ਨਾਮ ਦੇਣ ਦੇ ਪ੍ਰਸਤਾਵ ਨੂੰ ਵੀ ਪਾਸ ਕੀਤਾ ਗਿਆ। ਕਈ ਹੋਰ ਮੱਦਾਂ ਵੀ ਪ੍ਰਵਾਨ ਚੜ੍ਹੀਆਂ।
ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਛੋਟੀ ਨਦੀ ਨੂੰ ਡਰੇਨੇਜ ਵਿਭਾਗ ਤੋਂ ਲੈ ਕੇ ਨਿਗਮ ਦੇ ਹਵਾਲੇ ਕਰਨ ਦੀ ਮੰਗ ਕੀਤੀ। ਤੇਜਿੰਦਰ ਮਹਿਤਾ ਨੇ 500 ਟਰੀ ਗਾਰਡ ਮੰਗਣ ਦੇ ਬਾਵਜੂਦ ਨਾ ਮਿਲਣ ਦਾ ਇਤਰਾਜ਼ ਦਰਜ ਕਰਵਾਇਆ। ਜਗਤਾਰ ਤਾਰੀ ਨੇ ਡੇਅਰੀਆਂ, ਹਰਵਿੰਦਰ ਸ਼ੁਕਲਾ ਨੇ ਸੀਵਰ ਜਾਮ, ਸੋਨੀਆ ਦੇਵੀ ਨੇ ਟਿਊਬਵੈੱਲਾਂ ਦਾ ਮੁੱਦਾ ਉਠਾਇਆ। ਭਾਜਪਾ ਕੌਂਸਲਰ ਅਨੁਜ ਖੋਸਲਾ ਨੇ ਸਵਾਲ ਕੀਤਾ ਕਿ ਬਾਰਸ਼ਾਂ ਵਿੱਚ ਹੀ ਕਿਉਂ ਸੜਕਾਂ ਬਣਾਈਆਂ ਜਾ ਰਹੀਆ ਹਨ। ਕਾਂਗਰਸ ਕੌਂਸਲਰ ਨਰੇਸ਼ ਦੁੱਗਲ ਨੇ ਸੜਕਾਂ ਬਣਾਉਣ ਦੀ ਮੰਗ ਕੀਤੀ।

