ਪਵਨ ਕੁਮਾਰ ਵਰਮਾ
ਧੂਰੀ, 22 ਦਸੰਬਰ
ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 10 ਦਸੰਬਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਧੂਰੀ ਤੋਂ ਦਿੱਲੀ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਲਈ ਗਏ ਮੁਨੀਮ ਕ੍ਰਿਸ਼ਨ ਲਾਲ (65) ਦੀ ਦਿੱਲੀ ਵਿੱਚ ਧਰਨੇ ਦੌਰਾਨ ਮੌਤ ਹੋ ਗਈ ਸੀ ਜਿਸ ਨਮਿੱਤ ਰੱਖੇ ਗਰੁੜ ਪੁਰਾਣ ਪਾਠ ਦਾ ਭੋਗ ਅੱਜ ਸਨਾਤਨ ਧਰਮ ਆਸ਼ਰਮ ਧੂਰੀ ਵਿੱਚ ਪਾਇਆ ਗਿਆ। ਇਸ ਮੌਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਇਸ ਮੌਕੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਆੜ੍ਹਤੀਆ ਫੈਡਰੇਸ਼ਨ ਆਫ ਪੰਜਾਬ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਭੇਂਟ ਕੀਤਾ। ਇਸੇ ਲੜੀ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਐੱਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ ਅਕਾਲੀ ਆਗੂ ਹਰੀ ਸਿੰਘ ਪ੍ਰੀਤ ਵੱਲੋਂ ਵੀ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਮਾਲੀ ਮੱਦਦ ਦਾ ਚੈਕ ਦਿੱਤਾ ਗਿਆ। ਇਸ ਮੌਕੇ ਐੱਸਡੀਐੱਮ ਧੂਰੀ ਲਤੀਫ ਅਹਿਮਦ, ਡੀਐੱਸਪੀ ਧੂਰੀ ਪਰਮਜੀਤ ਸਿੰਘ, ‘ਆਪ’ ਆਗੂ ਸੰਦੀਪ ਸਿੰਗਲਾ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ, ਕਾਂਗਰਸੀ ਆਗੂ ਪ੍ਰੇਮ ਬਾਂਸਲ ਹਾਜ਼ਰ ਸਨ।
ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਲੇਖਕਾਂ ਵੱਲੋਂ ਸ਼ਰਧਾਂਜਲੀ
ਧੂਰੀ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਏ ਸੰਦੇਸ਼ ਅਨੁਸਾਰ ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਸੋਗ ਇਕੱਤਰਤਾ ਮੂਲ ਚੰਦ ਸ਼ਰਮਾਂ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਪੰਜਾਬੀ ਸਾਹਿੱਤ ਭਵਨ ਵਿੱਚ ਹੋਈ। ਇਸ ਵਿੱਚ ਖੇਤੀ ਸੋਧ ਬਿਲਾਂ ਦੇ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਵਿੱਚ ਸਦੀਵੀ ਵਿਛੋੜਾ ਦੇ ਗਏ ਕਿਸਾਨਾਂ ਅਤੇ ਕਿਰਤੀ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਦੂਸਰੇ ਮਤੇ ਰਾਹੀਂ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਗਈ । ਇਸ ਤੋਂ ਇਲਾਵਾ ਗੁਰਦਿਆਲ ਨਿਰਮਾਣ, ਸੁਖਵਿੰਦਰ ਲੋਟੇ, ਸੰਜੇ ਲਹਿਰੀ, ਗੁਰਮੀਤ ਸਿੰਘ ਸੋਹੀ, ਚਰਨਜੀਤ ਮੀਮਸਾ ਨੇ ਤਖੇਤੀ ਬਿਲਾਂ ਨੂੰ ਰੱਦ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਦੇ ਦੱਸਣ ਅਨੁਸਾਰ ਅਗਲੀ ਮਾਸਿਕ ਇਕੱਤਰਤਾ 3 ਜਨਵਰੀ ਨੂੰ ਹੋਵੇਗੀ ।