ਕੇਂਦਰ ਦੀ ਅੜੀ ਖ਼ਿਲਾਫ਼ ਕਿਸਾਨਾਂ ਦਾ ਰੋਹ ਹੋਰ ਭਖਿਆ

ਕੇਂਦਰ ਦੀ ਅੜੀ ਖ਼ਿਲਾਫ਼ ਕਿਸਾਨਾਂ ਦਾ ਰੋਹ ਹੋਰ ਭਖਿਆ

ਮਾਲੇਰਕੋਟਲਾ ਤੋਂ ਦਿੱਲੀ ਕਿਸਾਨ ਮੋਰਚੇ ਲਈ ਸਾਮਾਨ ਦੇ ਭਰੇ ਟਰੱਕ ਰਵਾਨਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਦਸੰਬਰ

ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਰੋਹ ਲਗਾਤਾਰ ਪ੍ਰਚੰਡ ਹੁੰਦਾ ਜਾ ਰਿਹਾ ਹੈ। ਕਿਸਾਨ ਆਗੂਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਮੋਰਚੇ ’ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇੱਥੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨ ਰੇਲਵੇ ਸਟੇਸ਼ਨ ਨੇੜੇ ਮੋਰਚੇ ’ਤੇ ਡਟੇ ਹੋਏ ਹਨ ਜਦੋਂ ਕਿ ਭਾਕਿਯੂ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਖੇੜੀ ਰਿਲਾਇੰਸ ਪੰਪ ਅੱਗੇ ਕਿਸਾਨ ਬੀਬੀਆਂ ਕੇਂਦਰ ਸਰਕਾਰ ਖ਼ਿਲਾਫ਼ ਗਰਜ ਰਹੀਆਂ ਹਨ।

ਸਥਾਨਕ ਰੇਲਵੇ ਸਟੇਸ਼ਨ ਨੇੜੇ ਰੋਸ ਧਰਨੇ ਨੂੰ ਕਿਸਾਨ ਆਗੂਆਂ ਹਰਮੇਲ ਸਿੰਘ ਮਹਿਰੋਕ, ਰਘਬੀਰ ਸਿੰਘ ਭਵਾਨੀਗੜ੍ਹ, ਮਾਸਟਰ ਪ੍ਰੀਤਮ ਸਿੰਘ, ਨਿਰੰਜਨ ਸਿੰਘ, ਹਰਚਰਨ ਸਿੰਘ, ਇੰਦਰਪਾਲ ਸਿੰਘ, ਹਰਜੀਤ ਸਿੰਘ ਮੰਗਵਾਲ, ਇੰਦਰਜੀਤ ਸਿੰਘ ਛੰਨਾ ਨੇ ਸੰਬੋਧਨ ਕੀਤਾ ਜਦੋਂ ਕਿ ਭਾਜਪਾ ਆਗੂ ਦੇ ਘਰ ਅੱਗੇ ਤੇ ਖੇੜੀ ਪੰਪ ਅੱਗੇ ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਅਤੇ ਪੰਜਾਬ ਵਿਚ ਮੋਰਚਿਆਂ ’ਤੇ ਡਟੇ ਕਿਸਾਨ-ਮਜ਼ਦੂਰਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਅਤੇ ਪੰਜਾਬੀਆਂ ਦੀ ਅਣਖ ਨੂੰ ਵੰਗਾਰ ਰਹੀ ਹੈ।

ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਤੋਂ ਇਲਾਵਾ ਭਾਰਤ ਦੇ ਹਰ ਧਰਮ ਤੇ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਪੂਰੇ ਦੇਸ਼ ਵਿਚ ਕਿਸਾਨ ਅੰਦੋਲਨ ਦੀ ਗੂੰਜ ਪੈ ਰਹੀ ਹੈ ਪ੍ਰੰਤੂ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਕੇਂਦਰ ਦੀ ਮੋਦੀ ਸਰਕਾਰ ਅੱਖਾਂ ’ਤੇ ਪੱਟੀ ਬੰਨ੍ਹ ਕੇ ਬੈਠੀ ਹੈ।

ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਨ ਵਿਚੋਂ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਹਨ। ਕਿਸਾਨ ਐਨੇ ਅਨਪੜ੍ਹ ਨਹੀਂ ਹਨ ਜਿਨ੍ਹਾਂ ਨੂੰ ਖੇਤੀ ਕਾਨੂੰਨਾਂ ਦੀ ਸਮਝ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨ ਖਾਲੀ ਹੱਥ ਦਿੱਲੀ ਤੋਂ ਵਾਪਸ ਨਹੀਂ ਪਰਤਣਗੇ ਸਗੋਂ ਪੰਜਾਬ ਤੋਂ ਲਗਾਤਾਰ ਕਿਸਾਨ ਅਤੇ ਨੌਜਵਾਨ ਦਿੱਲੀ ਕੂਚ ਕਰ ਰਹੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚਾ ਫ਼ਤਹਿ ਕਰਨ ਲਈ ਵੱਡੀ ਗਿਣਤੀ ’ਚ ਦਿੱਲੀ ਪੁੱਜਣ ਤਾਂ ਜੋ ਲੋਕ ਮਾਰੂ ਫੈਸਲਿਆਂ ਨੂੰ ਵਾਪਸ ਕਰਵਾ ਸਕੀਏ।

ਮੁਸਲਿਮ ਭਾਈਚਾਰੇ ਵੱਲੋਂ ਚੌਲਾਂ, ਸਬਜ਼ੀਆਂ ਤੇ ਬਾਲਣ ਦੇ ਭਰੇ ਟਰੱਕ ਦਿੱਲੀ ਰਵਾਨਾ

ਮਾਲੇਰਕੋਟਲਾ (ਮਹੁਸ਼ਿਆਰ ਸਿੰਘ ਰਾਣੂ): ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਮਾਲੇਰਕੋਟਲਾ ਦੇ ਮੁਸਲਮਾਨ ਭਰਾਵਾਂ ਨੇ ਅੱਜ ਸਥਾਨਕ ਸਬਜ਼ੀ ਮੰਡੀ ਤੋਂ ਸੈਂਕੜੇ ਕੁਇੰਟਲ ਸਬਜ਼ੀਆਂ, ਚੀਨੀ, ਬਾਲਣ ਅਤੇ ਚੌਲਾਂ ਦੀਆਂ 400 ਤੋਂ ਵੱਧ ਦੇਗਾਂ ਦੇ ਚਾਰ ਟਰੱਕ ਦਿੱਲੀ ਲਈ ਰਵਾਨਾ ਕੀਤੇ। ਟਰੱਕਾਂ ਨੂੰ ਰਵਾਨਾ ਕਰਨ ਮੌਕੇ ਮੁਫ਼ਤੀ-ਏ-ਆਜ਼ਮ ਪੰਜਾਬ ਜਨਾਬ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ, ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਇਕਬਾਲ ਲਾਲਾ, ਨਗਰ ਸੁਧਾਰ ਟਰੱਸਟ ਮਾਲੇਰਕੋਟਲਾ ਦੇ ਚੇਅਰਮੈਨ ਚੌਧਰੀ ਮੁਹੰਮਦ ਬਸ਼ੀਰ, ਸਬਜ਼ੀ ਮੰਡੀ ਯੂਨੀਅਨ ਦੇ ਪ੍ਰਧਾਨ ਮੁਹੰਮਦ ਸ਼ਕੀਲ, ਮੁਹੰਮਦ ਫ‌ਿਰੋਜ਼ ਫ਼ੌਜੀ, ਸਜ਼ਾਦ ਹੁਸੈਨ ਅਤੇ ਅਬਦੁਲ ਸ਼ਕੂਰ ਕਿਲਾ ਆਦਿ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਵਾਸਤੇ ਮਾਲੇਰਕੋਟਲਾ ਤੋਂ ਲੰਗਰ ਦੀ ਸੇਵਾ ਬਾਦਸਤੂਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਲਾਓ ਤੇ ਜਰਦਾ ਚੌਲਾਂ ਨੂੰ ਪਕਾਉਣ ਲਈ ਰਵਾਇਤੀ ਮਾਹਿਰਾਂ ਦੀ ਪੂਰੀ ਟੀਮ ਵੀ ਮਾਲੇਰਕੋਟਲਾ ਤੋਂ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All