ਕਿਸਾਨ ਬੀਬੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਹੋਕਾ

ਪਿੰਡਾਂ ਦੀਆਂ ਗਲੀਆਂ ’ਚ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜੇ

ਕਿਸਾਨ ਬੀਬੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਹੋਕਾ

ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ’ਚ ਕਿਸਾਨ ਬੀਬੀਆਂ ਮਾਰਚ ਕੱਢਦੀਆਂ ਹੋਈਆਂ।

ਗੁਰਦੀਪ ਸਿੰਘ ਲਾਲੀ

ਸੰਗਰੂਰ, 22 ਨਵੰਬਰ

ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਵੱਖ-ਵੱਖ ਪਿੰਡਾਂ ਵਿਚ ਮਾਰਚ ਕਰਦਿਆਂ ਕਿਸਾਨ ਬੀਬੀਆਂ ਵਲੋਂ ਅੱਜ ਦਿੱਲੀ ਮੋਰਚੇ ’ਚ ਭਰਵੀਂ ਸ਼ਮੂਲੀਅਤ ਦਾ ਘਰ-ਘਰ ਹੋਕਾ ਦਿੱਤਾ ਗਿਆ। ਉਨ੍ਹਾਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀੇ। ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢੇ ਗਏ ਮਾਰਚਾਂ ’ਚ ਵੱਡੀ ਗਿਣਤੀ ਕਿਸਾਨ ਬੀਬੀਆਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਇੱਥੋਂ ਨੇੜਲੇ ਪਿੰਡ ਬਡਰੁੱਖਾਂ ਵਿਚ ਕਿਸਾਨ ਬੀਬੀਆਂ ਦੇ ਹੱਥਾਂ ਵਿਚ ਜਥੇਬੰਦੀ ਦੇ ਝੰਡੇ ਸਨ ਜੋ ਗਲੀਆਂ ’ਚ ਰੋਸ ਮਾਰਚ ਕਰ ਕੇ ਦਿੱਲੀ ਪੁੱਜਣ ਲਈ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਸਨ। ਇਸ ਮੌਕੇ ਕਿਸਾਨ ਬੀਬੀਆਂ ਚਰਨਜੀਤ ਕੌਰ, ਅਮਰਜੀਤ ਕੌਰ, ਕੁਲਵੰਤ ਕੌਰ, ਮਲਕੀਤ ਕੌਰ ਤੇ ਹੋਰਾਂ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਪੰਜਾਬ ਦੀਆਂ ਸੜਕਾਂ ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਲੜਾਈ ਲੜ ਰਹੇ ਹਨ ਜਿਸ ਕਰਕੇ ਉਹ ਚੁੱਪ ਕਰਕੇ ਘਰ ਨਹੀਂ ਬੈਠ ਸਕਦੀਆਂ। ਉਨ੍ਹਾਂ ਕਿਹਾ ਕਿ ਕਿਸਾਨ ਬੀਬੀਆਂ ਕਿਸੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੀਆਂ। ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਕਿਸਾਨ ਬੀਬੀਆਂ ਵਲੋਂ ਮਾਰਚ ਕੱਢਦਿਆਂ ਲੋਕਾਂ ਨੂੰ ਦਿੱਲੀ ਮੋਰਚੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੀਬੀਆਂ ਇਥੇ ਭਾਜਪਾ ਆਗੂ ਦੇ ਘਰ ਅੱਗੇ, ਖੇੜੀ ਰਿਲਾਇੰਸ ਪੰਪ ਅੱਗੇ ਅਤੇ ਲੱਡਾ ਟੌਲ ਪਲਾਜ਼ਾ ਵਿਖੇ ਚੱਲ ਰਹੇ ਰੋਸ ਧਰਨਿਆਂ ’ਚ ਵੀ ਭਰਵੀਂ ਸ਼ਮੂਲੀਅਤ ਕਰ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All