ਬੀਰਬਲ ਰਿਸ਼ੀ
ਸ਼ੇਰਪੁਰ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਧਿਰ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਗੁਰਬਖ਼ਸ਼ਪੁਰਾ ਦੀ ਅਗਵਾਈ ਹੇਠ ਅੱਜ ਇੱਥੋਂ ਦੀ ਥਿੰਦ ਪੱਤੀ ਨਾਲ ਸਬੰਧਤ ਕਿਸਾਨ ਮਲਕੀਤ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ ਦੇ ਘਰ ਦੀ ਕੁਰਕੀ ਕਰਨ ਆਈ ਟੀਮ ਦਾ ਘਿਰਾਓ ਕੀਤਾ ਗਿਆ। ਕੁਰਕੀ ਕਰਨ ਵਾਲੀ ਟੀਮ ਵਿੱਚ ਸਟੇਟ ਬੈਂਕ ਆਫ ਇੰਡੀਆ ਨਾਲ ਸਬੰਧਤ ਬਰਾਂਚ ਮੂਲੋਵਾਲ ਦੇ ਮੈਨੇਜਰ, ਤਹਿਸੀਲਦਾਰ ਅਮਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
ਕੁਰਕੀ ਦੀ ਸੂਚਨਾ ਮਿਲਣ ’ਤੇ ਬੀਕੇਯੂ ਡਕੌਂਦਾ (ਧਨੇਰ) ਦੇ ਕਾਰਕੁਨਾਂ ਨੇ ਅੱਜ ਸਵੇਰੇ ਹੀ ਘਰ ਦੇ ਨੇੜੇ ਧਰਨਾ ਲਗਾ ਦਿੱਤਾ ਸੀ ਪਰ ਬੈਂਕ ਟੀਮ ਆਪਣੇ ਵਕੀਲ ਤੇ ਹੋਰ ਅਮਲੇ ਨਾਲ ਬਾਅਦ ਦੁਪਹਿਰ ਪੁੱਜੀ। ਜਿਉਂ ਟੀਮ ਨੇ ਆਪਣੀ ਕਾਰਵਾਈ ਅਰੰਭੀ ਤਾਂ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਧਾਨ ਕਰਮਜੀਤ ਸਿੰਘ ਛੰਨਾਂ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਪੂਰੀ ਟੀਮ ਨੂੰ ਕਿਸਾਨਾਂ ਦੇ ਘੇਰੇ ’ਚ ਬੰਦੀ ਬਣਾ ਲਿਆ। ਆਗੂ ਨੇ ਸਪੱਸ਼ਟ ਕੀਤਾ ਕਿ ਸਬੰਧਤ ਪਰਿਵਾਰ ਨੇ ਘਰ ਬਣਾਉਣ ਲਈ 31 ਲੱਖ ਦਾ ਲੋਨ ਲਿਆ ਸੀ ਜਿਸ ਵਿੱਚੋਂ ਤਕਰੀਬਨ 7 ਲੱਖ ਦੀ ਰਾਸ਼ੀ ਉਹ ਭਰ ਚੁੱਕੇ ਹਨ ਪਰ ਹਾਲੇ 46 ਲੱਖ ਰੁਪਏ ਬੈਂਕ ਇਸ ਪਰਿਵਾਰ ਵੱਲ ਕੱਢ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਨੋਟਬੰਦੀ ਤੇ ਫਿਰ ਕਰੋਨਾ ਕਾਲ ਕਾਰਨ ਸਬੰਧਤ ਪਰਿਵਾਰ ਦੀ ਆਰਥਿਕਤਾ ਨੂੰ ਭਾਰੀ ਸੱਟ ਲੱਗੀ ਪਰ ਐਸਬੀਆਈ ਟੀਮ ਕਿਸਾਨ ਦੀ ਦਸ਼ਾ ਨੂੰ ਸਮਝਣ ਦੀ ਥਾਂ ਕੁਰਕੀ ਕਰ ਰਹੀ ਹੈ। ਘਿਰਾਓ ਦੌਰਾਨ ਟੀਮ ਦੇ ਇੱਕ ਮੈਂਬਰ ਨਾਲ ਕਿਸਾਨਾਂ ਦੀ ਤਲਖੀ ਵੀ ਹੋਈ ਜਿਸ ’ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਤੱਕ ਟੀਮ ਦੇ ਘਿਰਾਓ ਦਾ ਐਲਾਨ ਕਰਦਿਆਂ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਟਰਾਲੀਆਂ ਭਰ ਕੇ ਆਉਣ ਦਾ ਸੱਦਾ ਦੇ ਦਿੱਤਾ। ਬਾਅਦ ਵਿੱਚ ਉਸ ਮੈਂਬਰ ਵੱਲੋਂ ਮਹਿਸੂਸ ਕਰ ਲੈਣ ਅਤੇ ਟੀਮ ਵੱਲੋਂ ‘ਵਨ ਟਾਈਮ ਸੈਟਲਮੈਂਟ’ ਤਹਿਤ ਕੇਸ ਦਾ ਨਿਬੇੜਾ ਕਰਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਘਿਰਾਓ ਖ਼ਤਮ ਕੀਤਾ। ਧਰਨਾਕਾਰੀਆਂ ਨੂੰ ਸਾਬਕਾ ਸਰਪੰਚ ਗੁਰਮੀਤ ਸਿੰਘ ਫੌਜੀ, ਰੂਪ ਸਿੰਘ ਸ਼ੇਰਪੁਰ, ਗੁਰਚਰਨ ਸਿੰਘ, ਜੀਤਾ ਬਾਜਵਾ, ਗੁਰਜੰਟ ਸਿੰਘ ਆਦਿ ਨੇ ਸੰਬੋਧਨ ਕੀਤਾ।
ਉਧਰ ਬੈਂਕ ਮੈਨੇਜਰ ਰਾਹੁਲ ਪਾਸੀ ਨੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ।