ਰਿਲਾਇੰਸ ਪੈਟਰੋਲ ਪੰਪ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਰਿਲਾਇੰਸ ਪੈਟਰੋਲ ਪੰਪ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਅਕਤੂਬਰ 

ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਵੱਲੋਂ ਕੁਲਵਿੰਦਰ ਸਿੰਘ ਭੂਦਨ ਤੇ ਚੰਦ ਸਿੰਘ ਸੱਦੋਪੁਰ ਦੀ ਅਗਵਾਈ ਵਿੱਚ ਸਥਾਨਕ ਮਾਲੇਰਕੋਟਲਾ-ਧੂਰੀ ਸੜਕ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਲਾਇਆ ਧਰਨਾ ਅੱਜ 29ਵੇਂ ਦਿਨ ’ਚ ਦਾਖ਼ਲ ਹੋ ਗਿਆ। ਅੱਜ ਦੇ ਧਰਨੇ ’ਚ ਔਰਤਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਸੇਵਾਮੁਕਤ ਕਾਨੂੰਨਗੋ ਕਮਿੱਕਰ ਸਿੰਘ, ਮਾਸਟਰ ਮੱਘਰ ਸਿੰਘ ਭੂਦਨ , ਚਮਕੌਰ ਸਿੰਘ ਹਥਨ, ਮਹਿੰਦਰ ਸਿੰਘ ਕਾਤਰੋਂ , ਮੁਖਤਿਆਰ ਸਿੰਘ ਰੁੜਕੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਹੱਥਕੰਡੇ ਵਰਤ ਰਹੀ ਹੈ। ਕਿਸਾਨੀ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਪੰਜਾਬ ਲਈ ਮਾਲ ਗੱਡੀਆਂ ਤੇ ਆਰਡੀਐਫ ਰੋਕਣਾ ਗ਼ੈਰ ਵਾਜਿਬ ਹੈ। ਕੇਂਦਰ ਸਰਕਾਰ ਦੇ ਇਹ ਕਦਮ ਸਾਬਤ ਕਰਦੇ ਹਨ ਕਿ ਮੋਦੀ ਹਕੂਮਤ, ਕਿਸਾਨਾਂ ਹਿੱਤਾਂ ਦੀ ਪ੍ਰਵਾਹ ਨਹੀਂ ਕਰ ਰਹੀ । ਆਗੂਆਂ ਕਿਹਾ ਕਿ ਧੂਰੀ ਮੋਰਚੇ ਦੇ ਸ਼ਹੀਦ ਕਿਸਾਨ ਮੇਘ ਰਾਜ ਦੇ ਪਰਿਵਾਰ ਦੀ ਮਾਲੀ ਮਦਦ  ਕੀਤੀ ਜਾਵੇ।ਬੁਲਾਰਿਆਂ ਮੰਗ ਕੀਤੀ ਕਿ ਕੇਰਲਾ ਦੀ ਤਰਜ਼ ‘ਤੇ ਸਬਜ਼ੀਆਂ ਲਈ ਵੀ ਘੱਟੋ ਘੱਟ ਸਹਾਇਕ ਕੀਮਤ ਮਿੱਥੀ ਜਾਵੇ।  ਧਰਨੇ ਨੂੰ  ਮਾਸਟਰ ਕੁਲਵਿੰਦਰ ਸਿੰਘ ਜਹਾਂਗੀਰ,ਤਰਕਸ਼ੀਲ ਸੁਸਾਇਟੀ ਦੇ ਆਗੂ ਨਰਿੰਦਰਪਾਲ ਸਿੰਘ,  ਬਲਵੀਰ ਕੌਰ ਘਨੌਰ ਕਲਾਂ,  ਨਾਹਰ ਸਿੰਘ ਹਥਨ ਆਦਿ ਨੇ ਵੀ ਸੰਬੋਧਨ ਕੀਤਾ। 

ਪੰਜ ਨਵੰਬਰ ਦੇ ਬੰਦ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਅੱਜ

ਲਹਿਰਾਗਾਗਾ (ਰਮੇਸ਼ ਭਾਰਦਵਾਜ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਥੇ ਮੋਦੀ ਦੇ ਕਾਰਪੋਰੇਟਰ ਸਾਥੀ ਅੰਬਾਨੀਆਂ ਦੇ ਰਿਲਾਇੰਸ ਪੈਟਰੋਲ ਪੰਪ ਅੱਗੇ ਦਿਨ ਰਾਤ ਦਾ ਧਰਨਾ ਅੱਜ 29 ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਮੋਦੀ ਖਿਲਾਫ਼ ਨਾਅਰੇਬਾਜ਼ੀ ਕਰਕੇ ਵਿਰੋਧ ਜਾਰੀ ਹੈ। ਅੱਜ  ਇਸ ਮੌਕੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰੰਘ ਭੁਟਾਲ ਨੇ ਕਿਹਾ ਕਿ ਜਥੇਬੰਦੀ ਨੇ 250 ਕਿਸਾਨ ਜਥੇਬੰਦੀਆਂ ਵੱਲੋਂ ਪੰਜ ਨਵੰਬਰ ਨੂੰ ਕੌਮੀ ਬੰਦ ਸਬੰਧੀ 30 ਅਕਤੂਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਸੱਦੀ ਹੈ ਜਿਸ ’ਚ ਇਸ ਬੰਦ ਬਾਰੇ ਵਿਚਾਰ ਵਟਾਂਦਰਾ 30 ਅਕਤੂਬਰ ਨੂੰ  ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸੂਬੇ ’ਚ ਦਸ ਕਿਸਾਨ ਤੇ ਜ਼ਿਲ੍ਹਾ ਸੰਗਰੂਰ ’ਚ ਤਿੰਨ ਕਿਸਾਨ ਸ਼ਹੀਦ ਹੋ ਗਏ ਹਨ ਪਰ ਸੂਬਾ ਸਰਕਾਰ ਨੇ ਕਿਸੇ ਵੀ ਸ਼ਹੀਦ ਨੂੰ 10 ਲੱਖ ਰੁਪਏ ਨਹੀਂ ਦਿੱਤੇ।  ਧਰਨੇ ਨੂੰ  ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਬਹਾਲ ਸਿੰਘ ਢੀਂਡਸਾ, ਸੂਬਾ ਸਿੰਘ ਸੰਗਤਪੁਰਾ, ਹਰਜੀਤ ਭੁਟਾਲ, ਬੂਟਾ ਭੁਟਲ, ਹਰਜਿੰਦਰ ਨੰਗਲਾ,  ਇਸਤਰੀ ਆਗੂ ਜਸ਼ਨਦੀਪ ਕੌਰ ਪਿਸ਼ੌਰ ਤੇ ਪਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਵੱਲੋਂ ਬਣਾਏ  ਕੇਂਦਰੀ ਖੇਤੀ ਕਾਨੂੰਨਾ  ਨੂੰ ਰੱਦ ਕਰਾਉਣ ਲਈ ਕਿਸਾਨ ਸੰਘਰਸ਼ 29 ਦਿਨਾਂ ਤੋਂ ਜਾਰੀ ਹੈ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਸਰਕਾਰ ਨੇ ਪੂਰੇ ਸੂਬੇ ਨੂੰ ਸਰਕਾਰੀ ਮੰਡੀ ਤੇ ਕੇਰਲ ਸਰਕਾਰ ਨੇ ਸਬਜ਼ੀਆਂ ਦੇ ਭਾਅ ਵੀ ਐੱਮਐੱਸਪੀ ਅਨੁਸਾਰ ਐਲਾਨ ਦਿੱਤੇ ਹਨ ਪਰ ਪੰਜਾਬ ਸਰਕਾਰ ਨੂੰ ਐੱਮਐੱਸਪੀ ਤੋਂ ਘੱਟ ਫਸਲ ਖ੍ਰੀਦਣ ਵਾਲੇ ਵਪਾਰੀਆਂ ਨੂੰ ਸਜ਼ਾ ਦੇਣ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All