ਕਿਸਾਨਾਂ ਵੱਲੋਂ ਰੇਲ ਪਟੜੀਆਂ ’ਤੇ ਧਰਨੇ ਸ਼ੁਰੂ

ਕਿਸਾਨਾਂ ਵੱਲੋਂ ਰੇਲ ਪਟੜੀਆਂ ’ਤੇ ਧਰਨੇ ਸ਼ੁਰੂ

ਛਾਜਲੀ ਵਿੱਚ ਰੇਲ ਪਟੜੀ ’ਤੇ ਧਰਨਾ ਦਿੰਦੇ ਹੋਏ ਕਿਸਾਨ।

ਰਮੇਸ਼ ਭਾਰਦਵਾਜ 
ਲਹਿਰਾਗਾਗਾ, 24 ਸਤੰਬਰ   

ਅੱਜ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਪਿੰਡ ਛਾਜਲੀ ’ਚ ਕਿਸਾਨਾਂ ਨੇ ਰੇਲ ਆਵਾਜਾਈ ਜਾਮ ਕਰਕੇ ਧਰਨਾ ਦਿੱਤਾ।  ਜਥੇਬੰਦੀ ਦੇ ਪ੍ਰਧਾਨ  ਜੋਗਿੰਦਰ ਸਿੰਘ ਉਗਰਾਹਾਂ, ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਵਾਲ, ਮਨਜੀਤ ਸਿੰਘ ਘਰਾਂਚੋ ਤੇ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਤਿੰਨ ਰੋਜ਼ਾ ਰੇਲ ਰੋਕੇ ਧਰਨਾ ਦੇਣਗੇ ਅਤੇ 25 ਸਤੰਬਰ ਨੂੰ ਪੰਜਾਬ ਬੰਦ ’ਚ ਸ਼ਾਮਲ ਹੋ ਕੇ ਸੰਘਰਸ਼ ਤੇਜ਼ ਕਰਨਗੇ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਪਾਸ ਕੀਤੇ ਬਿੱਲ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ’ਚ ਬਿੱਲ ਪਾਸ ਕਰਕੇ ਕਿਸਾਨਾਂ-ਮਜ਼ਦੂਰਾਂ-ਛੋਟੇ ਦੁਕਾਨਦਾਰਾਂ ਦੀ ਮੌਤ ਦੇ ਵਾਰੰਟਾਂ ’ਤੇ ਦਸਖਤ ਨਹੀਂ ਕਰਨ ਦੇਣਗੇ। ਉਨ੍ਹਾਂ   ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਬਿਲ ਰੱਦ ਕਰਨ, ਬਿਜਲੀ ਬਿਲ-2020 ਨੂੰ ਰੱਦ ਕਰਨ, ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ, ਜਿਣਸਾਂ ਦੇ ਰੇਟ ਸੀ 2 ਅਨੁਸਾਰ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਆਦਿ ਦੀ ਮੰਗ ਕੀਤੀ ਗਈ। ਖਬਰ ਲਿਖੇ ਜਾਣ ਤੱਕ ਦਸ ਹਜ਼ਾਰ ਦੇ ਕਰੀਬ ਨੌਜਵਾਨ, ਔਰਤਾਂ ਤੇ ਕਿਸਾਨ ਕਾਰਕੁਨ ਪਹੁੰਚ ਚੁੱਕੇ ਹਨ ਤੇ ਧਰਨਾ ਜਾਰੀ ਹੈ। ਪੁਲੀਸ ਨੇ ਛਾਜਲੀ ’ਚ ਵੀ ਵੱਡੇ ਪੱਧਰ ’ਤੇ ਤਿੰਨ ਰੋਜ਼ਾਂ ਰੇਲ ਆਵਾਜਾਈ ਜਾਮ ਲਈ ਪੂਰੇ ਇੰਤਜਾਮ ਕੀਤੇ ਹਨ। 

ਬੇਸ਼ਕ ਸਰਕਾਰ ਨੇ ਯਾਤਰੂ ਗੱਡੀਆਂ  ਬੰਦ ਕੀਤੀਆਂ ਹਨ ਪਰ ਅੱਜ ਮਾਲ ਗੱਡੀਆਂ ਵੀ ਨਹੀਂ ਚੱਲਣ ਦਿੱਤੀਆਂ ਗਈਆਂ। ਉਧਰ,  ਅੱਜ ਇਥੇ ਪੁਲੀਸ ਨੇ  ਡੀਐੱਸਪੀ  ਰੌਸ਼ਨ ਲਾਲ, ਐੱਸਐੱਚਓ ਸਦਰ ਸੁਰਿੰਦਰ ਭੱਲਾ ਅਤੇ ਸਿਟੀ ਇੰਚਾਰਜ ਸਬ ਇੰਸਪੈਕਟਰ ਪਰਸ਼ੋਤਮ ਰਾਮ ਸ਼ਰਮਾ, ਜੈਲ ਪੋਸਟ ਚੋਟੀਆਂ ਪੁਲੀਸ  ਦੀ ਅਗਵਾਈ ਹੇਠ ਪੁਲੀਸ ਨੇ 25 ਸਤੰਬਰ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਸ਼ਹਿਰ, ਰੇਲਵੇ ਲਾਈਨ  ਅਤੇ ਇਲਾਕੇ ਵਿੱਚ ਅਮਨ ਸ਼ਾਂਤੀ ਨੂੰ ਮੁੱਖ ਰੱਖ ਕੇ  ਫਲੈਗ ਮਾਰਚ ਕੀਤਾ ਗਿਆ।

 ਨਾਭਾ (ਜੈਸਮੀਨ ਭਾਰਦਵਾਜ) ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਰੇਲ ਰੋਕਣ ਦੇ ਫੈਸਲੇ ਅਨੁਸਾਰ ਨਾਭਾ ’ਚ ਬੌੜਾਂ ਗੇਟ ਪੁਲ ਹੇਠਾਂ ਕਿਸਾਨ ਬੀਬੀਆਂ ਦੇ ਭਾਰੀ ਇਕੱਠ ਕਰਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰੇਲ ਪਟੜੀ ’ਤੇ ਧਰਨਾ ਦਿੱਤਾ। ਧਰਨੇ ’ਚ ਨੌਜਵਾਨਾਂ ਵੱਲੋਂ ਹੁੰਮ ਹੁੰਮਾ ਕੇ ਭਾਗ ਲੈਂਦਿਆਂ ਲੰਗਰ ਪਾਣੀ ਦੀ ਸੇਵਾ ਨਿਭਾਈ ਗਈ। ਇਸ ਮੌਕੇ ਕਿਸਾਨਾਂ ਨਾਲ ਹਮਾਇਤ ਜਾਹਰ ਕਰਨ ਪਹੁੰਚੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮੰਚ ਦੇਣ ਤੋਂ ਵੀ ਇਨਕਾਰ ਕੀਤਾ ਗਿਆ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਬਿਆਨ ਦੀ ਨਿੰਦਿਆ ਕੀਤੀ ਗਈ ਜਿਸ ’ਚ ਉਨ੍ਹਾਂ ਕਿਹਾ ਕਿ ਕਿਸਾਨ ਵਰਗਲਾਏ ਜਾ ਰਹੇ ਹਨ। ਕਿਸਾਨ ਬੀਬੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਸ਼ਵਾਸ ਨਹੀਂ ਕਿ ਇਹ ਕਾਨੂੰਨ ਉਨ੍ਹਾਂ ਲਈ ਲਾਹੇਵੰਦ ਹਨ। ਪਾਤੜਾਂ ਤੋਂ ਧਰਨੇ ’ਚ ਨਾਭਾ ਪਹੁੰਚੀ ਗੁਰਮੇਲ ਕੌਰ ਨੇ ਕਿਹਾ ਕਿ ਨੋਟਬੰਦੀ ਵੇਲੇ ਸਾਡੀ ਜਮ੍ਹਾ ਪੂੰਜੀ ਇਕ ਵਾਰ ਬਾਹਰ ਨਿਕਲੀ ਤੇ ਹਾਲੇ ਤੱਕ ਦੋਬਾਰਾ ਜੁੜੀ ਨਹੀਂ ਤੇ ਮੋਦੀ ਵੱਲੋਂ ਇਸ ਸਬੰਧੀ ਮੁਆਫੀ ਵੀ ਨਹੀਂ ਮੰਗੀ ਗਈ। ਉਨ੍ਹਾਂ ਕਿਹਾ ਕਿ ਹੁਣ ਮਾਮਲਾ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀਆਂ ਦੇ ਰੁਜ਼ਗਾਰ ਤੇ ਵਜੂਦ ਦਾ ਹੈ, ਜਿਸ ਕਾਰਨ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਰਹਾਂਗੀਆਂ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਇਕ ਆਗੂ ਵੱਲੋ ਮਾਈਕ ’ਤੇ ਬੋਲਣ ਦੀ ਬੇਨਤੀ ਨੂੰ ਕਿਸਾਨ ਆਗੂਆਂ ਵੱਲੋਂ ਇਨਕਾਰ ਕੀਤਾ ਗਿਆ ਤੇ ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਮਾਈਕ ਨਹੀਂ ਦਿੱਤਾ ਜਾਵੇਗਾ। ਯੂਨੀਅਨ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਨੇ ਕਿਹਾ ਕਿ ਮੌਜੂਦਾ ਸਿਆਸੀ ਆਗੂਆਂ ਵੱਲੋਂ ਉਦੋਂ ਤੱਕ ਕਿਸਾਨਾਂ ਲਈ ਆਵਾਜ਼ ਨਹੀਂ ਚੁੱਕੀ ਗਈ ਜਦੋਂ ਤੱਕ ਕਿਸਾਨ ਆਪ ਸੜਕਾਂ ’ਤੇ ਨਹੀਂ ਆ ਗਏ ਤੇ ਹੁਣ ਇਨ੍ਹਾਂ ਨੂੰ ਚੋਣ ਦਿਖਾਈ ਦੇ ਰਹੀ ਹੈ ਤਾਂ ਇਹ ਕਿਸਾਨ ਅੰਦੋਲਨ ਦਾ ਲਾਹਾ ਚੁੱਕਣਾ ਚਾਹੁੰਦੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All