ਟੌਲ ਪਲਾਜ਼ਿਆਂ ਤੇ ਰਿਲਾਇੰਸ ਪੰਪਾਂ ਅੱਗੇ ਡਟੇ ਕਿਸਾਨ

ਟੌਲ ਪਲਾਜ਼ਿਆਂ ਤੇ ਰਿਲਾਇੰਸ ਪੰਪਾਂ ਅੱਗੇ ਡਟੇ ਕਿਸਾਨ

ਭਵਾਨੀਗੜ੍ਹ ਨੇੜੇ ਟੌਲ ਪਲਾਜ਼ਾ ਕਾਲਾਝਾੜ ਵਿੱਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋਂ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਅਕਤੂਬਰ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ’ਚ 30 ਵੇਂ ਦਿਨ ਵੀ ਧਰਨੇ ਭਖਦੇ ਰਹੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ’ਚ ਲਗਾਏ ਧਰਨਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਨੇ ਆਖਿਆ ਕਿ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦੇ ਚਹੇਤੇ ਅਡਾਨੀ ਦੇ ਸਾਇਲੋ ਗੁਦਾਮ ਤੇ ਮੋਦੀ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਬਣਦੇ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਥਰਮਲ ਪਲਾਂਟਾਂ ਨੂੰ ਜਾਮ ਕਰਕੇ ਐਨ ਠੀਕ ਟਿਕਾਣੇ ’ਤੇ ਚੋਟ ਮਾਰੀ ਹੈ।

ਇਸੇ ਕਾਰਨ ਮੋਦੀ ਸਰਕਾਰ ਭੜਕਾਹਟ ’ਚ ਆ ਕੇ ਮਾਲ ਗੱਡੀਆਂ ਤੇ ਦਿਹਾਤੀ ਵਿਕਾਸ ਫੰਡ ਰੋਕਣ ਰਾਹੀਂ ਪੰਜਾਬ ਦੀ ਨਾਕਾਬੰਦੀ ਕਰਨ ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਯੂਨੀਅਨ ਆਜ਼ਾਦ ਤੌਰ ’ਤੇ ਲਾਗੂ ਕਰੇਗੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿੱਤ ਟੌਲ ਪਲਾਜ਼ਾ ਮਾਝੀ ’ਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਗੁਰਮੀਤ ਸਿੰਘ ਭੱਟੀਵਾਲ, ਕਰਮ ਸਿੰਘ ਬਲਿਆਲ ਆਦਿ ਨੇ ਕਿਹਾ ਕਿ ਕੇਂਦਰ ਦੀ ਤਾਨਾਸ਼ਾਹੀ ਖ਼ਿਲਾਫ਼ 250 ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਲਾਗੂ ਕਰਨ ਲਈ ਪੂਰੀ ਸਰਗਰਮੀ ਨਾਲ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਦੇਸ਼ ਪੱਧਰ ’ਤੇ ਏਕਤਾ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗੀ।

ਕੇਂਦਰ ਪੰਜਾਬ ਨੂੰ ਸਬਕ ਸਿਖਾਉਣ ਦੇ ਰੌਂਅ ’ਚ: ਬਹਿਰੂ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਪਿੰਡ ਮਾਹੋਰਾਣਾ ਦੇ ਟੌਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 22ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਇੰਡੀਅਨ ਫਾਰਮਰਜ਼ ਐਸੋਸ਼ੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ‌ਸਿੰਘ ਬਹਿਰੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਲਈ ਮਾਲ ਗੱਡੀਆਂ ਦੀ ਬੁਕਿੰਗ ਬੰਦ ਕਰਨ ਤੇ ਦਿਹਾਤੀ ਵਿਕਾਸ ਰਕਮ ’ਤੇ ਰੋਕ ਲਾਉਣ ਜਿਹੇ ਲਏ ਗ਼ੈਰਜਮਹੂਰੀ ਫ਼ੈਸਲੇ ਸਾਬਤ ਕਰਦੇ ਹਨ ਕਿ ਕੇਂਦਰ ਸਰਕਾਰ, ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ ਕਰ ਰਹੇ ਪੰਜਾਬ ਨੂੰ ਸਬਕ ਸਿਖਾਉਣ ਦੇ ਰੌਂਅ ’ਚ ਹੈ। ਅਜਿਹਾ ਕਰਕੇ ਮੋਦੀ ਹਕੂਮਤ ਪੰਜਾਬ ਨਾਲ ਮਤਰੇਆ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਜਿਥੇ ਕਣਕ ਦੀ ਬਿਜਾਈ ਪਛੜੇਗੀ ਉਥੇ ਪੰਜਾਬ ਦੀ ਆਰਥਿਕਤਾ ’ਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਮੌਜੂਦਾ ਕਿਸਾਨੀ ਸੰਘਰਸ਼, ਕਿਸਾਨੀ ਨੂੰ ਬਚਾਉੁਣ ਲਈ ਫ਼ੈਸਲਾਕੁਨ ਸੰਘਰਸ਼ ਸਾਬਤ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨ ਜਥੇਬੰਦੀਆਂ ਦੇ 26-27 ਨਵੰਬਰ ਦੇ ਦਿੱਲੀ ਜਾਣ ਤੇ ਪੰਜ ਨਵੰਬਰ ਦੇ ਚੱਕਾ ਜਾਮ ’ਚ ਪ੍ਰੋਗਰਾਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਸਬੰਧੀ ਕੇਂਦਰ ਸਰਕਾਰ ਨਵਾਂ ਆਰਡੀਨੈਂਸ ਵੀ ਕਿਸਾਨ ਵਿਰੋਧੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All