armers Protest Over Power Cuts: ਨਾਕਸ ਬਿਜਲੀ ਪ੍ਰਬੰਧਾਂ ਤੋਂ ਖਫ਼ਾ ਕਿਸਾਨਾਂ ਵੱਲੋਂ ਪਾਵਰਕੌਮ ਦਫ਼ਤਰਾਂ ਅੱਗੇ ਧਰਨੇ
ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਸਪਲਾਈ ਦੇਣ ਦੀ ਮੰਗ
ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਵੱਲੋਂ ਐੱਸ ਈ ਦਫ਼ਤਰ ਅੱਗੇ ਜ਼ਿਲ੍ਹਾ ਕਾਰਜਕਾਰੀ ਆਗੂ ਰਾਜ ਸਿੰਘ ਥੇੜੀ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਘਰੇਲੂ ਬਿਜਲੀ ਸਪਲਾਈ ਤੇ ਖੇਤੀ ਮੋਟਰਾਂ ਦੀ ਸਪਲਾਈ ਵਿੱਚ ਲਗਾਤਾਰ ਵੱਡੇ ਵੱਡੇ ਕੱਟ ਲਾਏ ਜਾ ਰਹੇ ਹਨ। ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਮਚਾਉਣ ਲਈ ਮਜਬੂਰ ਹਨ ਜਦਕਿ ਘਰੇਲੂ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ।
ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਅੱਠ ਘੰਟੇ ਖੇਤਾਂ ਵਾਲੀ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ, ਸ਼ਹਿਰੀ ਤੇ ਪੇਂਡੂ ਖੇਤਰ ਦੀ ਘਰੇਲੂ ਬਿਜਲੀ ਤੇ ਕੱਟ ਨਾ ਲਾ ਕੇ 24 ਘੰਟੇ ਪ੍ਰਬੰਧ ਕੀਤਾ ਜਾਵੇ ਤੇ ਕਿਸਾਨਾਂ ਦੇ ਚੋਰੀ ਹੁੰਦੇ ਟਰਾਂਸਫਾਰਮਰਾਂ ਦੀ ਪੁਲੀਸ ਰਿਪੋਰਟ ਆਪ ਕਰ ਕੇ ਜਲਦੀ ਟਰਾਸਫਾਰਮਰਾਂ ਦਾ ਪ੍ਰਬੰਧ ਕਰੇ। ਧਰਨੇ ਨੂੰ ਜ਼ਿਲਾ ਕਾਰਜਕਾਰੀ ਆਗੂ ਜਸਵੀਰ ਮੈਦੇਵਾਸ, ਰਾਜ ਥੇੜੀ, ਸੰਤ ਰਾਮ ਛਾਜਲੀ, ਸੁਖਦੇਵ ਸ਼ਰਮਾ, ਸੁਖਵਿੰਦਰ ਪੇਧਨੀ, ਹਰਦੇਵ ਕੁਲਾਰ ਨੇ ਸੰਬੋਧਨ ਕੀਤਾ।
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਦੇ ਕਿਸਾਨ-ਮਜ਼ਦੂਰ ਮੋਰਚਾ ਯੂਨੀਅਨਾਂ (ਬੀ ਕੇ ਯੂ ਆਜ਼ਾਦ, ਬੀ ਕੇ ਯੂ ਭਟੇੜੀ, ਬੀ ਕੇ ਯੂ ਕ੍ਰਾਂਤੀਕਾਰੀ ਆਦਿ) ਦੇ ਵਰਕਰਾਂ ਨੇ ਜੰਗ ਸਿੰਘ ਭਟੇੜੀ (ਸੂਬਾ ਪ੍ਰਧਾਨ ਬੀ ਕੇ ਯੂ ਭਟੇੜੀ) ਦੀ ਅਗਵਾਈ ਹੇਠ ਪਾਵਰਕੌਮ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨੀ ਮੰਗਾਂ ਦੀ ਪੂਰਤੀ ਦੇ ਜ਼ੋਰ ਦਿੰਦਿਆਂ ਚਿਤਾਵਨੀ ਦਿੱਤੀ ਗਈ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਜ਼ਰਅੰਦਾਜ਼ ਕੀਤੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਦੀ ਮੀਟਿੰਗ ਪੀ ਐੱਸ ਪੀ ਸੀ ਐੱਲ ਦੇ ਇੰਜਨੀਅਰ ਰਾਜੀਵ ਕਪੂਰ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ, ਜਿੱਥੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਸ਼ਾਂਤੀਪੂਰਵਕ ਸਮਾਪਤ ਕੀਤਾ। ਉਨ੍ਹਾ ਦੀ ਮੰਗ ਸੀ ਕਿ ਖੇਤੀਬਾੜੀ ਖੇਤਰ ਲਈ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਬਲਕਾਰ ਸਿੰਘ ਬੈਂਸ ਹਰਦੀਪ ਸਿੰਘ ਸਿਹਰਾ ਸਮੇਤ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ।
