ਕਿਸਾਨਾਂ ਨੇ ਨਿਰਧਾਰਤ ਬਿਜਲੀ ਸਪਲਾਈ ਨਾ ਮਿਲਣ ’ਤੇ 66 ਕੇ ਵੀ ਗਰਿੱਡ ਘਨੌਰੀ ਕਲਾਂ ਅੱਗੇ ਅੱਜ ਦੂਜੇ ਦਿਨ ਵੀ ਧਰਨਾ ਦੇ ਕੇ ਪਾਵਰਕੌਮ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਮੰਗ ਹੈ ਕਿ ਗਰਿੱਡ ਤੋਂ ਬਾਬਾ ਦਿਆਲਦਾਸ ਤੇ ਦੂਜੇ ਫੀਡਰਾਂ ’ਤੇ ਬਿਜਲੀ ਸਪਲਾਈ ਦੀ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ (ਲੱਖੋਵਾਲ) ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਬਾਦਸ਼ਾਹਪੁਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਇੰਦਰਜੀਤ ਸਿੰਘ ਘਨੌਰੀ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਦੇ ਬੁਲਾਰੇ ਡਾ. ਕਰਨ ਸ਼ਰਮਾ ਅਤੇ ਕੋ-ਆਪਰੇਟਿਵ ਸੁਸਾਇਟੀ ਦੇ ਸਾਬਕਾ ਮੈਂਬਰ ਡਾਇਰੈਕਟਰ ਅਮਰਜੀਤ ਸਿੰਘ ਘਨੌਰੀ ਨੇ ਦੱਸਿਆ ਕਿ ਸਬੰਧਤ ਫੀਡਰ ਦੀ ਬਿਜਲੀ ਸਪਲਾਈ ਬਹਾਲ ਕਰਨ, ਬਿਜਲੀ ਪੂਰੀ ਦੇਣ ਅਤੇ ਬਕਾਇਆ ਬਿਜਲੀ ਦੇਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਕਰਮਜੀਤ ਸਿੰਘ, ਜੀਵਨ ਸਿੰਘ (ਦੋਵੇਂ ਸਾਬਕਾ ਪੰਚ), ਕਿਸਾਨ ਆਗੂ ਗਗਨ ਬਲਿੰਗ, ਸੁਖਚੈਨ ਸਿੰਘ ਚੈਨੀ ਅਤੇ ਗੋਰਾ ਚਹਿਲ ਹਾਜ਼ਰ ਸਨ।
ਐਕਸੀਅਨ ਦਫ਼ਤਰ ਧੂਰੀ ਅੱਗੇ ਧਰਨਾ ਅੱਜ
ਬੀ ਕੇ ਯੂ (ਰਾਜੇਵਾਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ ਭੜੀ ਅਤੇ ਆਗੂ ਬਲਵਿੰਦਰ ਸਿੰਘ ਜੱਖਲਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਨਿਰਧਾਰਤ ਬਿਜਲੀ ਸਪਲਾਈ ਨਾ ਦੇਣ ਕਾਰਨ ਬੀ ਕੇ ਯੂ ਰਾਜੇਵਾਲ ਵੱਲੋਂ 30 ਜੂਨ ਐਕਸੀਅਨ ਦਫ਼ਤਰ ਧੂਰੀ ਅੱਗੇ ਅੱਜ ਧਰਨਾ ਦਿੱਤਾ ਜਾਵੇਗਾ।
