Farmers Protest: ਕਿਸਾਨਾਂ ਨੇ ਗਰਿੱਡਾਂ ਅੱਗੇ ਰੋਸ ਪ੍ਰਗਟਾਇਆ
ਬਿਜਲੀ ਸਪਲਾਈ ਦਾ ਮਾਡ਼ਾ ਹਾਲ; ਪਾਵਰਕੌਮ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਪਿੰਡ ਮੰਗਵਾਲ ਇਕਾਈ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਰਾਣੂ ਦੀ ਅਗਵਾਈ ਹੇਠ ਬਿਜਲੀ ਗਰਿੱਡ ਮੰਗਵਾਲ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਖੇਤੀਬਾੜੀ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਤੋਂ ਖਫ਼ਾ ਸਨ। ਯੂਨੀਅਨ ਦੇ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਸੀਨੀਅਰ ਆਗੂ ਗੋਬਿੰਦਰ ਸਿੰਘ ਮੰਗਵਾਲ ਅਤੇ ਰਾਜਪਾਲ ਸਿੰਘ ਮੰਗਵਾਲ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਜ਼ੋਰਾਂ ’ਤੇ ਹੈ ਪਰ ਸਰਕਾਰ ਦੇ ਦਾਅਵਿਆਂ ਅਨੁਸਾਰ ਅੱਠ ਘੰਟੇ ਵੀ ਸਪਲਾਈ ਨਹੀਂ ਮਿਲ ਰਹੀ। ਵੱਡੇ-ਵੱਡੇ ਕੱਟ ਲਾਏ ਜਾ ਰਹੇ ਹਨ ਜਿਸ ਕਰਕੇ ਝੋਨੇ ਦੀ ਲਵਾਈ ਪ੍ਰਭਾਵਿਤ ਹੋ ਰਹੀ ਹੈ। ਕਰੀਬ ਡੇਢ ਵਜੇ ਬਿਜਲੀ ਗਰਿੱਡ ਦਾ ਘਿਰਾਓ ਕਰ ਲਿਆ ਜਿਸ ਤੋਂ ਬਾਅਦ ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ ਨੇ ਪੁੱਜ ਕੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇੱਕ-ਦੋ ਦਿਨਾਂ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਬਾਰਾ ਸਿੰਘ, ਬਲਦੇਵ ਸਿੰਘ ਰਾਣੂ, ਬਲਜੀਤ ਸਿੰਘ ਗਰੇਵਾਲ, ਲਾਭ ਸਿੰਘ ਮਾਨ, ਕਰਮਜੀਤ ਸਿੰਘ, ਸ਼ੁਸ਼ੀਲ ਕੁਮਾਰ, ਨਾਨਕ ਸਿੰਘ ਥਲੇਸਾਂ, ਕਰਮਜੀਤ ਸਿੰਘ ਗੋਂਦਾਰਾ, ਮੁਖਤਿਆਰ ਸਿੰਘ ਖੁਰਾਣਾ, ਭਾਨ ਸਿਘ ਸੋਹੀਆਂ ਕਲਾਂ ਆਦਿ ਹਾਜ਼ਰ ਸਨ।
ਸ਼ੇਰਪੁਰ (ਧੂਰੀ) (ਬੀਰਬਲ ਰਿਸ਼ੀ): ਖੇਤੀ ਵਾਲੀਆਂ ਮੋਟਰਾਂ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ 66 ਕੇ ਵੀ ਗਰਿੱਡ ਘਨੌਰੀ ਕਲਾਂ ਅਤੇ 66 ਕੇ ਵੀ ਗਰਿੱਡ ਗੁਰਬਖਸ਼ਪੁਰਾ ’ਚ ਧਰਨੇ ਦੇ ਕੇ ਪਾਵਰਕੌਮ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਘਨੌਰੀ ਕਲਾਂ ਵਿੱਚ ਕਿਸਾਨਾਂ ਨੂੰ ਨਿਰਧਾਰਤ ਸਮੇਂ ਤੋਂ ਬਹੁਤ ਘੱਟ ਬਿਜਲੀ ਸਪਲਾਈ ਮਿਲਣ ਵਿਰੁੱਧ ਕਿਸਾਨਾਂ ਨੇ 66 ਕੇ ਵੀ ਗਰਿੱਡ ਘਨੌਰੀ ਕਲਾਂ ਵਿੱਚ ਧਰਨਾ ਦਿੱਤਾ। ਕਿਸਾਨ ਆਗੂ ਅਮਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਦਿਆਲਦਾਸ ਫੀਡਰ ’ਤੇ ਬਿਜਲੀ ਸਪਲਾਈ ਪੂਰੀ ਨਹੀਂ ਮਿਲ ਰਹੀ। ਇਕੱਤਰ ਕਿਸਾਨਾਂ ਨੇ ਦੱਸਿਆ ਕਿ 27 ਜੂਨ ਨੂੰ ਬਿਜਲੀ ਸਪਲਾਈ ਮਹਿਜ਼ 10.30 ਤੋਂ ਤਕਰੀਬਨ 1 ਵਜੇ ਤੱਕ ਮਿਲੀ ਅਤੇ ਅੱਜ 10.30 ਵਜੇ ਸਪਲਾਈ ਸ਼ੁਰੂ ਹੋਈ ਹੈ। ਇਸ ਮੌਕੇ ਪਾਵਰਕੌਮ ਅਧਿਕਾਰੀਆਂ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ ਦੇ ਕੇ ਕਿਸਾਨਾਂ ਦਾ ਧਰਨਾ ਸਮਾਪਤ ਕਰਵਾਇਆ। ਇਸੇ ਤਰ੍ਹਾਂ 66 ਕੇ ਵੀ ਗਰਿੱਡ ਪਿੰਡ ਗੁਰਬਖਸ਼ਪੁਰਾ ਵਿੱਚ ਪਿੰਡ ਫਤਿਹਗੜ੍ਹ ਪੰਜਗਰਾਈਆਂ, ਵਜ਼ੀਦਪੁਰ ਬਧੇਸ਼ਾ, ਅਤੇ ਗੰਡੇਵਾਲ ਦੇ ਕਿਸਾਨਾਂ ਨੇ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਜ ਦੂਜੇ ਦਿਨ ਵੀ ਧਰਨਾ ਦਿੱਤਾ। ਅਕਾਲੀ ਆਗੂ ਜਗਦੇਵ ਸਿੰਘ ਬਧੇਸਾ ਨੇ ਦੱਸਿਆ ਕਿ ਅੱਜ ਕਿਸਾਨਾਂ ਨੇ ਗਰਿੱਡ ’ਚ ਪੱਕੇ ਡੇਰੇ ਲਾ ਕੇ ਆਪਣੀ ਨਿਰਧਾਰਤ 8 ਘੰਟੇ ਬਿਜਲੀ ਸਪਲਾਈ ਪੂਰੀ ਕਰਵਾ ਕੇ ਧਰਨਾ ਚੁੱਕਿਆ। ਇਸ ਮੌਕੇ ਧਰਮਿੰਦਰ ਸਿੰਘ, ਤੀਰਥ ਸਿੰਘ, ਕੁਲਦੀਪ ਸਿੰਘ ਸਮਿਤੀ ਮੈਂਬਰ, ਚੰਦ ਸਿੰਘ, ਕੁਲਦੀਪ ਸਿੰਘ ਦਿਓਲ, ਮੇਵਾ ਸਿੰਘ ਪੰਚ ਆਦਿ ਵੀ ਹਾਜ਼ਰ ਸਨ। ਕੇ ਯੂ (ਰਾਜੇਵਾਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ ਭੜੀ ਨੇ 66 ਕੇ ਵੀ ਗਰਿੱਡ ਸਮੁੰਦਗੜ੍ਹ ਛੰਨਾ ਤੋਂ ਪਿਛਲੇ ਦਿਨਾਂ ਤੋਂ ਚੀਮਾ, ਜੱਖਲਾਂ-2, ਛੀਟਾਵਾਲਾ-4, ਮੀਮਸਾ- 1 ਫੀਡਰਾਂ ’ਤੇ ਸਾਢੇ ਪੰਜ ਘੰਟੇ ਸਪਲਾਈ ਮਿਲੀ ਹੈ। ਸਮੁੰਦਗੜ੍ਹ ਛੰਨਾ- 1, ਸਮੁੰਦਗੜ੍ਹ ਛੰਨਾ- 2, ਚੀਮਾ- 1, ਛੀਟਾਵਾਲਾ- 3 ਫੀਡਰਾਂ ’ਤੇ ਸਵਾ ਤਿੰਨ ਘੰਟੇ ਬਿਜਲੀ ਸਪਲਾਈ ਮਿਲੀ ਹੈ। ਐਕਸੀਅਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਥਰਮਲ ਵਿੱਚ ਸਮੱਸਿਆ ਆ ਜਾਣ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਅਤੇ ਬਹੁਤ ਛੇਤੀ ਬਿਜਲੀ ਸਪਲਾਈ ’ਚ ਸੁਧਾਰ ਹੋਵੇਗਾ।
ਲੌਂਗੋਵਾਲ (ਰਘਵੀਰ ਸਿੰਘ ਚੰਗਾਲ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਬਿਜਲੀ ਗਰਿੱਡ ਅੱਗੇ ਧਰਨਾ ਦੇ ਕੇ ਰੋਸ ਪ੍ਰਗਟਾਇਆ। ਇਸ ਮੌਕੇ ਬਿਜਲੀ ਵਿਭਾਗ ਵੱਲੋਂ ਜੇ ਈ ਗੁਰਮੀਤ ਸਿੰਘ ਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਵਿੱਚ ਸਪਲਾਈ ਸਹੀ ਕਰ ਦਿੱਤੀ ਜਾਵੇਗੀ ਅਤੇ ਪਿੱਛੇ ਜੋ ਬਿਜਲੀ ਘੱਟ ਆਈ ਹੈ, ਉਹ ਬਕਾਇਆ ਵੀ ਨਾਲ ਹੀ ਦਿੱਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਜ਼ਿਲ੍ਹਾ ਆਗੂ ਅਵਤਾਰ ਸਿੰਘ ਸ਼ਾਹੋਕੇ, ਗੁਰਮੇਲ ਸਿੰਘ ਉੱਭਾਵਾਲ, ਇਕਾਈ ਲੌਂਗੋਵਾਲ ਦੇ ਪ੍ਰਧਾਨ ਹਰਦੇਵ ਸਿੰਘ ਦੁੱਲਟ ,ਭੋਲਾ ਸਿੰਘ ਪਨਾਚ, ਚਰਨਾ ਸਿੰਘ ਸਤੀਪੁਰਾ ਅਤੇ ਜੋਗਾ ਸਿੰਘ ਢੱਡਰੀਆਂ ਨੇ ਸੰਬੋਧਨ ਕੀਤਾ।
ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਅਗਵਾਈ ਹੇਠ ਨਾਗਰਾ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ। ਬਲਾਕ ਦਿੜ੍ਹਬਾ ਦੇ ਪਿੰਡ ਮਹਿਲਾਂ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਕਿਸਾਨ ਪਹਿਲਾਂ ਪੀ ਐੱਸ ਪੀ ਸੀ ਐੱਲ ਦੇ ਉਪ ਮੰਡਲ ਦਫ਼ਤਰ ਮਹਿਲਾਂ ’ਚ ਇਕੱਠੇ ਹੋਏ ਅਤੇ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਮਹਿਲਾਂ ਤੋਂ ਨਾਗਰਾ ਗਰਿੱਡ ਤੱਕ ਰੋਸ ਮਾਰਚ ਕਰ ਕੇ ਧਰਨਾ ਲਾਇਆ ਗਿਆ।ਇਸ ਮੌਕੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜ਼ਿਲ੍ਹਾ ਖਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਨੇ ਕਿਹਾ ਕਿ ਪਿਛਲੇ ਦੋ-ਦਿਨਾਂ ਤੋਂ ਸਿਰਫ਼ ਦੋ-ਤਿੰਨ ਘੰਟੇ ਹੀ ਸਪਲਾਈ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਸੁੱਕਣ ਦੇ ਕੰਢੇ ਪਹੁੰਚ ਗਈ ਹੈ। ਧਰਨੇ ਦੌਰਾਨ ਬਿਜਲੀ ਬੋਰਡ ਮਹਿਲਾਂ ਦੇ ਉਪ ਮੰਡਲ ਇੰਜਨੀਅਰ ਨੇ ਕਿਸਾਨਾਂ ਨੂੰ ਅੱਠ ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਹਰਜੀਤ ਸਿੰਘ ਮਹਿਲਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਭਰੋਸਾ ਪੂਰਾ ਨਾ ਹੋਇਆ ਤਾਂ ਬਲਾਕ ਦਿੜ੍ਹਬਾ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਧਰਨੇ ਵਿੱਚ ਹਰਜਿੰਦਰ ਸਿੰਘ ਘਰਾਚੋਂ, ਜਗਦੀਪ ਸਿੰਘ ਮਹਿਲਾਂ, ਦਰਸ਼ਨ ਸਿੰਘ ਮਾਨ, ਗੁਰਸੇਵਕ ਸਿੰਘ ਸੋਹੀ, ਬੁੱਧ ਸਿੰਘ ਦੁੱਲਟ, ਜੱਗਾ ਸਿੰਘ ਮਾਨ, ਕੁਲਦੀਪ ਸਿੰਘ ਮਾਨ, ਬਿੰਦਰ ਸਿੰਘ ਦੁੱਲਟ ਅਤੇ ਰਾਮ ਸਿੰਘ ਸੋਹੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ
ਪਟਿਆਲਾ (ਸਰਬਜੀਤ ਸਿੰਘ ਭੰਗੂ): ਖੇਤੀਬਾੜੀ ਵਾਲੀਆਂ ਮੋਟਰਾਂ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਲਈ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਥਾਈਂ ਬਿਜਲੀ ਗਰਿੱਡਾਂ ਅੱਗੇ ਰੋਸ ਧਰਨੇ ਦਿੱਤੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ ਨੇ ਦੱਸਿਆ ਕਿ ਕਈ ਖੇਤਰਾਂ ਦੇ ਵਿੱਚ ਤਾਂ ਤਿੰਨ ਚਾਰ ਘੰਟੇ ਹੀ ਬਿਜਲੀ ਛੱਡੀ ਜਾ ਰਹੀ ਹੈ। ਇਸੇ ਤਰ੍ਹਾਂ ਕਿਸਾਨਾਂ ਨੇ ਭਾਦਸੋਂ ਖੇਤਰ ਵਿੱਚ ਅਲੀਵਾਲ ’ਚ ਸਥਿਤ ਬਿਜਲੀ ਦੇ 66 ਕੇ ਵੀ ਗਰਿੱਡ ਮੂਹਰੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਵਿੱਤ ਸਕੱਤਰ ਦਲਜਿੰਦਰ ਸਿੰਘ ਆਲੋਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਜਿਸ ਦੌਰਾਨ ਆਵਾਜਾਈ ਵੀ ਰੋਕੀ ਗਈ। ਇਸ ਮੌਕੇ ਕਿਸਾਨ ਆਗੂ ਦਲਜਿੰਦਰ ਸਿੰਘ ਆਲੋਵਾਲ, ਪ੍ਰਵਿੰਦਰ ਆਲੋਵਾਲ, ਗੁਰਦੀਪ ਧਨੌਰੀ, ਪਾਲਾ ਸਿੰਘ, ਪ੍ਰਗਟ ਸਿੰਘ ਅਤੇ ਲਖਵਿੰਦਰ ਆਲੋਵਾਲ ਵੀ ਮੌਜੂਦ ਸਨ।
ਘਨੌਰ (ਖੇਤਰੀ ਪ੍ਰਤੀਨਿਧ): ਟਿਊਬਵੈੱਲਾਂ ਲਈ ਅੱਠ ਘੰਟੇ ਬਿਜਲੀ ਦੇਣ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਢੁੱਕਵੀਂ ਬਿਜਲੀ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੈਂਬਰਾਂ ਨੇ ਬਹਾਦਰਗੜ੍ਹ ਸਥਿਤ ਬਿਜਲੀ ਗਰਿੱਡ ਅੱਗੇ ਧਰਨਾ ਕੀਤਾ। ਧਰਨੇੇ ਦੀ ਅਗਵਾਈ ਬੀ ਕੇ ਯੂ ਸਿੱਧੂਪੁਰ (ਡੱਲੇਵਾਲ) ਦੇ ਆਗੂ ਗੁਰਪ੍ਰੀਤ ਸਿੰਘ ਸੀਲ ਨੇ ਕੀਤੀ। ਐਕਸੀਅਨ ਹਰਪ੍ਰੀਤ ਸਿੰਘ ਪਹੁੰਚੇ ਅਤੇ ਮੰਗ ਪੱਤਰ ਹਾਸਲ ਕੀਤਾ ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ।
