ਬੀਰਬਲ ਰਿਸ਼ੀ
ਸ਼ੇਰਪੁਰ, 22 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੇ ਗਣਤੰਤਰ ਪਰੇਡ ’ਚ ਟਰੈਕਟਰਾਂ ਦੀ ਵੱਡੀ ਗਿਣਤੀ ਸ਼ਮੂਲੀਅਤ ਕਰਵਾਏ ਜਾਣ ਲਈ ਅੱਜ ਸ਼ੇਰਪੁਰ ਦੇ ਪਿੰਡਾਂ ’ਚ ਕਿਸਾਨ ਜਥੇਬੰਦੀਆਂ ਨੇ ਵੱਖੋ-ਵੱਖਰੇ ਤਿੰਨ ਟਰੈਕਟਰ ਮਾਰਚ ਕੀਤੇ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਤੇ ਦਰਸ਼ਨ ਸਿੰਘ ਕਾਤਰੋਂ ਦੀ ਅਗਵਾਈ ਹੇਠ ਪਿੰਡ ਕਾਤਰੋਂ ਦੀ ਦਾਣਾ ਮੰਡੀ ’ਚੋ ਚੱਲੇ ਸੈਂਕੜੇ ਟਰੈਕਟਰਾਂ ਦਾ ਮਾਰਚ ਪਿੰਡ ਰਾਮਨਗਰ ਛੰਨਾ, ਸ਼ੇਰਪੁਰ, ਕਾਲਾਬੂਲਾ, ਘਨੌਰੀ ਕਲਾਂ, ਚਾਂਗਲੀ, ਕਲੇਰਾਂ, ਫਰਵਾਹੀ, ਈਸਾਪੁਰ ਲੰਡਾ, ਮਾਹਮਦਪੁਰ, ਅਲੀਪੁਰ, ਰੂੜਗੜ੍ਹ ਹੁੰਦੇ ਹੋਏ ਕਾਤਰੋਂ ਆ ਕੇ ਸਮਾਪਤ ਹੋਇਆ। ਕਿਸਾਨ ਆਗੂਆਂ ਨੇ 23 ਜਨਵਰੀ ਨੂੰ ਕਾਤਰੋਂ ਦੀ ਦਾਣਾ ਮੰਡੀ ’ਚੋ ਇਕੱਠੇ ਹੋ ਕੇ ਸਿੰਘੂ ਬਾਰਡਰ ਦਿੱਲੀ ਨੂੰ ਰਵਾਨਾ ਹੋਣ ਦਾ ਐਲਾਨ ਕੀਤਾ। ਲੀਹ ਪਾੜਕੇ ਤੁਰਦੇ ਆ ਰਹੇ ਬੀਕੇਯੂ ਡਕੌਂਦਾ ਦੇ ਹੀ ਬਲਾਕ ਆਗੂ ਬਲਵੰਤ ਸਿੰਘ ਛੰਨਾਂ ਦੀ ਅਗਵਾਈ ਹੇਠ ਵੱਖਰੇ ਤੌਰ ਤੇ ਸ਼ੇਰਪੁਰ ਦੀ ਦਾਣਾ ਮੰਡੀ ’ਚੋ ਚੱਲਿਆ ਟਰੈਕਟਰ ਮਾਰਚ ਸ਼ੇਰਪੁਰ ਦੀ ਦਾਣਾ ਮੰਡੀ ਸ਼ੇਰਪੁਰ ਤੋਂ ਕਾਤਰੋਂ, ਰਾਮਨਗਰ ਛੰਨਾ, ਬੜੀ, ਗੋਬਿੰਦਪੁਰਾ, ਭਗਵਾਨਪੁਰਾ, ਵੱਡੀ ਖੇੜੀ, ਛੋਟੀ ਖੇੜੀ, ਈਨਾਬਾਜਵਾ, ਕਾਲਾਬੂਲਾ ਤੋਂ ਸ਼ੇਰਪੁਰ ਆ ਕੇ ਸਮਾਪਤ ਹੋਇਆ।
ਤੀਜਾ ਵੱਡਾ ਟਰੈਕਟਰ ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਬਲਵਿੰਦਰ ਸਿੰਘ ਕਾਲਾਬੂਲਾ ਤੇ ਮੇਵਾ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਕੀਤਾ ਗਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਕਾਫ਼ਲਾ ਦਿੱਲੀ ਰਵਾਨਾ ਹੋਵੇਗਾ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨ ਪ੍ਰਧਾਨ ਬੀਬੀ ਪਰਮਜੀਤ ਕੌਰ ਲੌਂਗੋਵਾਲ ਅੇ ਮਜ਼ਦੂਰ ਆਗੂ ਪਿੰਕੀ ਬਾਲਦ ਕਲਾਂ ਨੇ ਪਿੰਡ ਮੂਲੋਵਾਲ ਅਤੇ ਧੰਦੀਵਾਲ ਵਿਖੇ ਮਜ਼ਦੂਰ ਰੈਲੀਆਂ ਨੂੰ ਸੰਬੋਧਨ ਕਰਨ ਮਗਰੋਂ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਪਰੇਡ ਦਾ ਹਿੱਸਾ ਬਣਨ ਲਈ ਹਜ਼ਾਰਾਂ ਮਜ਼ਦੂਰਾਂ ਦਾ ਵੱਡਾ ਕਾਫ਼ਲਾ 23 ਜਨਵਰੀ ਨੂੰ ਬਾਅਦ ਦੁਪਹਿਰ ਸੰਗਰੂਰ ਤੋਂ ਇਕੱਠੇ ਹੋਕੇ ਰਵਾਨਾਂ ਹੋਵੇਗਾ।