ਪੱਤਰ ਪੇ੍ਰਕ
ਲਹਿਰਾਗਾਗਾ, 27 ਅਕਤੂਬਰ
ਕਾਲੇ ਕਾਨੂੰਨਾਂ ਖਿਲਾਫ਼ ਲਹਿਰਾਗਾਗਾ ਦੇ ਰਿਲਾਇੰਸ ਪੰਪ ਉੱਤੇ ਚੱਲ ਰਹੇ ਪੱਕੇ ਮੋਰਚੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਹਿਰਾਗਾਗਾ ਬਲਾਕ ਦੇ ਆਗੂਆਂ ਨੇ ਨਰਮੇ ਦੇ ਮੁਆਵਜ਼ੇ ਲਈ ਡੱਟਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦੀ ਫਸਲ ਦਾ ਮੁਆਵਜ਼ਾ ਉਹ ਲੈ ਕੇ ਹੀ ਰਹਿਣਗੇ ਤੇ ਕਾਂਗਰਸ ਸਰਕਾਰ ਮੁਆਵਜ਼ਾ ਦੇਣ ਤੋਂ ਭੱਜ ਨਹੀਂ ਸਕਦੀ ਉਸ ਨੂੰ ਹਰ ਹੀਲੇ ਮੁਆਵਜ਼ਾ ਦੇਣਾ ਹੀ ਪਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਕਿਸਾਨਾਂ ਨੂੰ ਮਾੜੇ ਬੀਜ ਅਤੇ ਸਪਰੇਅ ਦਿੱਤੇ ਗਏ ਜਿਸ ਦਾ ਨਤੀਜਾ ਕਿਸਾਨਾਂ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਸਟੇਜ ਤੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਨਰਮੇ ਦਾ ਮੁਆਵਜ਼ਾ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਵਿਚ ਚੰਨੀ ਸਰਕਾਰ ਵਲੋਂ ਲਗਾਏ ਪ੍ਰਚਾਰ ਲਈ ਬੋਰਡਾਂ ਉਤੇ ਕਾਲਖ ਫੇਰੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਇਸ ਐਲਾਨ ’ਤੇ ਐਕਸ਼ਨ ਕੀਤਾ ਜਾਵੇਗਾ। ਧਰਨੇ ਨੂੰ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਮਾਸਟਰ ਗੁਰਚਰਨ ਸਿੰਘ ਖੋਖਰ, ਲੀਲਾ ਸਿੰਘ ਚੋਟੀਆਂ, ਬਿੰਦਰ ਸਿੰਘ ਖੋਖਰ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਆਦਿ ਨੇ ਵੀ ਸੰਬੋਧਨ ਕੀਤਾ।