ਕਿਸਾਨਾਂ ਵੱਲੋਂ ਭਾਜਪਾ ਦਫ਼ਤਰ ਅੱਗੇ ਅਰਥੀ ਫੂਕ ਮੁਜ਼ਾਹਰਾ
ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ; ਦਿੱਲੀ ਕਿਸਾਨ ਅੰਦੋਲਨ ਤੋਂ ਵੀ ਵੱਡੇ ਅੰਦੋਲਨ ਦੀ ਚਿਤਾਵਨੀ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਜ ਇਥੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਰਥੀ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰ ਰਹੇ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨਾਲ ਸਬੰਧਤ ਕਿਸਾਨ ਇਥੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅੱਗੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਮੋਦੀ ਅਤੇ ਸ਼ਾਹ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਛੋਹਾਂ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰੀ ਮੰਡਲ ਪੱਬਾਂ ਭਾਰ ਹੋਇਆ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਭਾਰਤ ਅਤੇ ਪੰਜਾਬ ਦੀ ਖੇਤੀਬਾੜੀ ਤੇ ਡੇਅਰੀ ਸੈਕਟਰ ਨੂੰ ਖ਼ਤਮ ਕਰਨ ਲਈ ਲਗਭਗ ਮੌਤ ਦੇ ਵਾਰੰਟਾਂ ਉਪਰ ਦਸਤਖ਼ਤ ਕਰ ਚੁੱਕੀ ਹੈ। ਖੇਤੀ ਟਰੇਡ ਡੀਲ ਦੇ ਲਾਗੂ ਹੋਣ ਨਾਲ ਅਮਰੀਕਾ ਦੀਆਂ ਖੇਤੀ ਨਾਲ ਸਬੰਧਤ ਅਨਾਜ ਤੇ ਹੋਰ ਵਸਤਾਂ ਭਾਰਤ ਵਿੱਚ ਵਿਕਣ ਦੀ ਖੁੱਲੀ ਆਜ਼ਾਦੀ ਹੋਣ ਤੋਂ ਬਾਅਦ ਭਾਰਤ ਵਿਚ ਪੈਦਾ ਹੋਣ ਵਾਲੇ ਅਨਾਜ਼ ਤੇ ਡੇਅਰੀ ਨਾਲ ਸਬੰਧਤ ਦੁੱਧ ਦੀਆਂ ਵਸਤਾਂ ਮੰਡੀ ਅਤੇ ਬਾਜ਼ਾਰ ਵਿੱਚ ਰੁਲ ਜਾਣਗੀਆਂ, ਜਿਸ ਨਾਲ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਤਬਾਹੀ ਤੈਅ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਿਛਲੇ ਦਿੱਲੀ ਕਿਸਾਨ ਅੰਦੋਲਨ ਤੋਂ ਸਬਕ ਸਿੱਖਣ ਦੀ ਲੋੜ ਹੈ। ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਰੱਦ ਕਰਾਉਣ ਲਈ ਤਿੱਖੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ ਕਿਉਂਕਿ ਮੋਦੀ ਸਰਕਾਰ ਮਿਹਨਤਕਸ਼ ਵਰਗ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ-ਅਮਰੀਕਾ ਖੇਤੀ ਵਪਾਰ ਸਮਝੌਤਾ ਰੱਦ ਕਰਾਉਣ ਲਈ ਦਿੱਲੀ ਕਿਸਾਨ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਵਿੱਢਿਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਆਗੂ ਜਸਵੀਰ ਮੈਦੇਵਾਸ, ਹੈਪੀ ਨਮੋਲ, ਹਰਦੇਵ ਕੁਲਾਰ, ਰਾਜ ਥੇੜੀ, ਸੁਖਦੇਵ ਸ਼ਰਮਾ ਅਤੇ ਸੁਖਵਿੰਦਰ ਪੇਧਨੀ ਹਾਜ਼ਰ ਸਨ।
ਕਿਸਾਨਾਂ ਵੱਲੋਂ ਮੋੋਤੀ ਮਹਿਲ ਅੱਗੇ ਪ੍ਰਦਰਸ਼ਨ
ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨ ਮਜਦੂਰ ਮੋਰਚਾ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ’ਚ ਸਥਿਤ ਭਾਜਪਾ ਆਗੂਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਪਰਨੀਤ ਕੌਰ ਦੀ ਰਿਹਾਇਸ਼ ਨਿਉੂ ਮੋਤੀ ਬਾਗ ਪੈਲੇਸ ਦੇ ਸਾਹਮਣੇ ਧਰਨਾ ਦਿੱਤਾ ਗਿਆ। ਕਿਸਾਨ ਆਗੂ ਹਰਦੀਪ ਸਿੰਘ ਸਿਹਰਾ ਨੇ ਦੱਸਿਆ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਬੀ ਕੇ ਯੂ ਭਟੇੜੀ ਕਲਾਂ, ਬੀ ਕੇ ਯੂ ਕ੍ਰਾਂਤੀਕਾਰੀ ਫੂਲ ਗਰੁੱਪ, ਬੀ ਕੇ ਯੂ ਅਜ਼ਾਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ਼ ਸਬੰਧਿਤ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨ ਆਗੂ ਜੰਗ ਸਿੰਘ ਭਟੇੜੀ, ਗੁਰਧਿਆਨ ਸਿਓਣਾ, ਰਣਜੀਤ ਸਵਾਜਪੁਰ, ਬਲਕਾਰ ਬੈਂਸ ਅਤੇ ਹਰਦੀਪ ਸਿਹਰਾ ਨੇ ਭਾਰਤ-ਅਮਰੀਕਾ ਮੁਕਤ ਵਪਾਰ ਸੌਦਾ ਰੱਦ ਕਰਨ, ਡੀਜ਼ਲ, ਪੈਟਰੋਲ ਅਤੇ ਐੱਲ ਪੀ ਜੀ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਅਤੇ ਸਹਿਕਾਰੀ ਸਭਾਵਾਂ ਵਿੱਚ ਯੂਰੀਆ ਅਤੇ ਡੀ ਏ ਪੀ ਦੀ ਘਾਟ ਦੂਰ ਕਰਨ ਦੀ ਮੰਗ ਕੀਤੀ।
