ਅਨਾਜ ਮੰਡੀ ਲਹਿਰਾਗਾਗਾ ਵਿੱਚ ਜਿੱਥੇ ਬਾਸਮਤੀ ਝੋਨੇ ਦੀ ਆਮਦ ਵਧਦੀ ਜਾ ਰਹੀ ਹੈ, ਉੱਥੇ ਹੀ ਬਾਸਮਤੀ 1509 ਝੋਨੇ ਦਾ ਭਾਅ 4,300 ਕੁਇੰਟਲ ਤੋਂ ਪਾਰ ਹੋ ਗਿਆ ਹੈ। ਇਸ ਨਾਲ ਜਿੱਥੇ ਕਿਸਾਨ ਬਾਗੋ-ਬਾਗ ਹਨ, ਉੱਥੇ ਹੀ ਆੜ੍ਹਤੀਏ ਅਤੇ ਮਜ਼ਦੂਰ ਵੀ ਖੁਸ਼ ਹਨ। ਅੱਜ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਚੰਗਾਲੀਵਾਲਾ ਦੀ 1509 ਬਾਸਮਤੀ ਝੋਨੇ ਦੀ ਟਰਾਲੀ ਸ਼ੰਭੂ ਗੋਇਲ ਫਾਰਮ ਰਾਮ ਲਾਲ ਕਮਿਸ਼ਨ ਏਜੰਟ ਦੀ ਦੁਕਾਨ ’ਤੇ ਵਿਕਣ ਲਈ ਆਈ ਸੀ ਜੋ 4,305 ਰੁਪਏ ’ਚ (ਸਾਰੀ ਮੰਡੀ ਤੋਂ ਵੱਧ ਰਿਕਾਰਡ ਰੇਟ) ਵਿਕੀ।
ਇਸ ਮੌਕੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਝੋਨੇ ਦਾ ਰੇਟ ਹਜ਼ਾਰ ਰੁਪਏ ਕੁਇੰਟਲ ਵੱਧ ਮਿਲ ਰਿਹਾ ਹੈ। ਉਸ ਨੇ ਆਸ ਜਤਾਈ ਕਿ ਪਛੇਤੇ ਬਾਸਮਤੀ ਝੋਨੇ ਦੇ ਝਾੜ ਵਿੱਚ ਚਾਰ ਕੁਇੰਟਲ ਦਾ ਵਾਧਾ ਹੋ ਸਕਦਾ ਹੈ, ਜਿਸ ਨਾਲ ਕਿਸਾਨ ਦੀ ਫ਼ਸਲ ਪ੍ਰਤੀ ਏਕੜ ਲੱਖ ਰੁਪਏ ਦੇ ਨੇੜੇ ਪਹੁੰਚ ਜਾਵੇਗੀ। ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਿਵੇਂ ਪੀ ਆਰ ਝੋਨੇ ਦਾ ਰੇਟ ਨਿਯੁਕਤ ਕਰਦੀ ਹੈ, ਇਸੇ ਤਰ੍ਹਾਂ ਬਾਸਮਤੀ ਝੋਨੇ ਦਾ ਰੇਟ ਵੀ ਪੱਕੇ ਤੌਰ ’ਤੇ ਨਿਯੁਕਤ ਕਰੇ ਤਾਂ ਜੋ ਕਿਸਾਨ ਬਾਸਮਤੀ ਝੋਨੇ ਨੂੰ ਪਹਿਲ ਦੇਣ ਕਿਉਂਕਿ ਇਸ ਫ਼ਸਲ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਸ ਮੌਕੇ ਖਰੀਦਦਾਰ ਚਿਮਨ ਲਾਲ ਗਿਆਨ ਚੰਦ, ਆਰ ਐੱਸ ਫੂਡ, ਰਮਨ ਬਿਹਾਰੀ ਮਿੱਲ ਦੇ ਮਾਲਕਾਂ ਅਤੇ ਖਰੀਦਦਾਰਾਂ ਨੇ ਦੱਸਿਆ ਕਿ ਬਾਸਮਤੀ ਚਾਵਲਾਂ ਦੀ ਮੰਗ ਹੋਣ ਕਾਰਨ ਇਨ੍ਹਾਂ ਦੇ ਰੇਟ ਵਧੀਆ ਹਨ।

