ਕਿਸਾਨਾਂ ਵੱਲੋਂ ਪਾਵਰਕੌਮ ਦੇ ਐਕਸੀਅਨ ਦਫ਼ਤਰ ਦਾ ਘਿਰਾਓ

* ਦਫ਼ਤਰ ਦੇ ਮੁੱਖ ਗੇਟ ਅੱਗੇ ਧਰਨਾ; * ਪਿੰਡ ਛਾਜਲਾ ’ਚ ਡੇਢ ਮਹੀਨੇ ਤੋਂ ਟਰਾਂਸਫਾਰਮਰ ਨਾ ਰੱਖਣ ਤੋਂ ਖਫ਼ਾ ਸਨ ਕਿਸਾਨ

ਕਿਸਾਨਾਂ ਵੱਲੋਂ ਪਾਵਰਕੌਮ ਦੇ ਐਕਸੀਅਨ ਦਫ਼ਤਰ ਦਾ ਘਿਰਾਓ

ਸੰਗਰੂਰ ’ਚ ਪਾਵਰਕੌਮ ਦੇ ਐਕਸੀਅਨ (ਸਟੋਰ) ਦਫ਼ਤਰ ਦੇ ਮੁੱਖ ਗੇਟ ਦਾ ਘਿਰਾਓ ਕਰ ਕੇ ਧਰਨਾ ਦਿੰਦੇ ਹੋਏ ਕਿਸਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਾਵਰਕੌਮ ਦੇ ਐਕਸੀਅਨ (ਸਟੋਰ) ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਕਰੀਬ ਚਾਰ ਘੰਟੇ ਤੱਕ ਦਫ਼ਤਰ ਦਾ ਘਿਰਾਓ ਕੀਤਾ ਗਿਆ। ਧਰਨਾਕਾਰੀ ਪਿੰਡ ਛਾਜਲਾ ਵਿੱਚ ਬਾਹਰਵਾਰ ਖੇਤਾਂ ਵਿੱਚ ਸਥਿਤ ਕਰੀਬ ਦਰਜਨਾਂ ਘਰਾਂ ਨੂੰ ਬਿਜਲੀ ਸਪਲਾਈ ਲਈ ਟਰਾਂਸਫਾਰਮਰ ਰੱਖਣ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਤੋਂ ਖਫ਼ਾ ਸਨ।

ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਸਵੇਰੇ ਇੱਥੇ ਸੋਹੀਆਂ ਰੋਡ ’ਤੇ ਸਥਿਤ ਪਾਵਰਕੌਮ ਦੇ ਐਕਸੀਅਨ ਸਟੋਰ ਦਫ਼ਤਰ ਅੱਗੇ ਰੋਸ ਧਰਨਾ ਲਗਾ ਦਿੱਤਾ ਅਤੇ ਦਫਤਰ ਦੇ ਮੁੱਖ ਗੇਟ ਦਾ ਘਿਰਾਓ ਕਰ ਲਿਆ। ਘਿਰਾਓ ਦੇ ਮੱਦੇਨਜ਼ਰ ਪੁਲੀਸ ਫੋਰਸ ਵੀ ਮੌਕੇ ’ਤੇ ਪੁੱਜ ਗਈ ਪਰ ਕਿਸਾਨ ਟੱਸ ਤੋਂ ਮੱਸ ਨਾ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਪਿੰਡ ਛਾਜਲਾ ਵਿੱਚ ਖੇਤਾਂ ਵਿੱਚ ਕਰੀਬ ਦਰਜਨਾਂ ਘਰ ਹਨ ਜਿਨ੍ਹਾਂ ਨੂੰ ਵੋਲਟੇਜ ਬਹੁਤ ਹੀ ਘੱਟ ਆਉਂਦੀ ਹੈ ਜਿਸ ਕਰਕੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਇਹਨ੍ਹਾਂ ਘਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਦੇਣ ਲਈ ਨਵਾਂ ਐਸਟੀਮੇਟ ਬਣ ਕੇ ਮਨਜ਼ੂਰ ਵੀ ਹੋ ਗਿਆ ਹੈ ਅਤੇ ਬਿਜਲੀ ਸਪਲਾਈ ਲਈ ਖੰਭੇ ਲਾ ਕੇ ਲਾਈਨ ਵੀ ਖੜ੍ਹੀ ਕਰ ਦਿੱਤੀ ਹੈ ਪਰ ਕਰੀਬ ਡੇਢ ਮਹੀਨੇ ਤੋਂ ਇਹ ਕੰਮ ਵਿਚਕਾਰ ਹੀ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਅਧਿਕਾਰੀਆਂ ਦੇ ਦਫ਼ਤਰ ਗੇੜੇ ਗੇੜੇ ਮਾਰ ਕੇ ਉਹ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਮਜਬੂਰ ਹੋ ਕੇ ਰੋਸ ਧਰਨਾ ਤੇ ਘਿਰਾਓ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਪਲਾਈ ਲਾਈਨ ਲਈ ਤਾਰ ਪਾਈ ਜਾਣੀ ਹੈ ਅਤੇ ਨਵਾਂ ਟਰਾਂਸਫਾਰਮਰ ਰੱਖਿਆ ਜਾਣਾ ਹੈ ਜਦੋਂ ਕਿ ਬਾਕੀ ਕੰਮ ਤਿਆਰ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਡੇਢ ਮਹੀਨੇ ਤੋਂ ਅੱਧ ਵਿਚਕਾਰ ਲਟਕ ਰਹੇ ਕਾਰਜ ਨੂੰ ਮੁਕੰਮਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਰੋਸ ਧਰਨੇ ਤੋਂ ਨਹੀਂ ਹਟਣਗੇ। ਆਖ਼ਰਕਾਰ ਬਾਅਦ ਦੁਪਹਿਰ ਪਾਵਰਕੌਮ ਦੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਦੋ ਦਿਨਾਂ ਬਾਅਦ ਟਰਾਂਸਫਾਰਮਰ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਕੰਮ ਨੂੰ ਮੁਕੰਮਲ ਕਰਵਾਇਆ ਜਾਵੇਗਾ। ਇਸ ਮਗਰੋਂ ਘਿਰਾਓ ਖਤਮ ਕੀਤਾ ਗਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕੰਮ ਨਾ ਕਰਵਾਇਆ ਤਾਂ ਮੁੜ ਰੋਸ ਧਰਨਾ ਦਿੰਦਿਆਂ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All