ਕਿਸਾਨਾਂ ਨੂੰ ਵੀ ਝੱਲਣੀ ਪਈ ਬਿਜਲੀ ਵਿਭਾਗ ਦੇ ਨੁਕਸਾਨ ਦੀ ਮਾਰ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਮਈ
ਚਾਰ ਹਫਤੇ ਪਹਿਲਾਂ ਆਏ ਝੱਖੜ ਕਾਰਨ ਜਿੱਥੇ ਬਿਜਲੀ ਵਿਭਾਗ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਝੱਖੜ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਆਏ ਇਸ ਝੱਖੜ ਕਾਰਨ ਭਵਾਨੀਗੜ੍ਹ ਸ਼ਹਿਰ ਸਣੇ ਇਲਾਕੇ ਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਬਿਲਕੁੱਲ ਠੱਪ ਕਰ ਦਿੱਤੀ ਗਈ ਸੀ। ਬਿਜਲੀ ਵਿਭਾਗ ਦੇ ਗਰਿੱਡ, ਮੁੱਖ ਲਾਈਨਾਂ ਦੇ ਖੰਭੇ, ਟਰਾਂਸਫਾਰਮਰ ਆਦਿ ਤਬਾਹ ਕਰ ਦਿੱਤੇ ਗਏ। ਐੱਸਡੀਓ ਦਫਤਰ ਭਵਾਨੀਗੜ੍ਹ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗਰਿੱਡ ਦੇ ਘੇਰੇ ਵਿੱਚ ਆਉਂਦੇ 125 ਟਰਾਂਸਫਾਰਮਰ ਅਤੇ 900 ਖੰਭੇ ਡਿਗ ਪਏ ਸਨ।
ਇਸ ਵੱਡੀ ਕੁਦਰਤੀ ਆਫ਼ਤ ਤੋਂ ਬਾਅਦ ਬਿਜਲੀ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਸ਼ਹਿਰ ਦੇ ਘਰਾਂ ਦੀ ਬਿਜਲੀ ਸਪਲਾਈ ਤਿੰਨ ਦਿਨ ਬੰਦ ਰਹੀ ਅਤੇ ਪਿੰਡਾਂ ਦੇ ਘਰਾਂ ਨੂੰ ਹਫਤੇ ਬਾਅਦ ਸਪਲਾਈ ਸ਼ੁਰੂ ਹੋਈ। ਖੇਤਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਦੀ ਕਹਾਣੀ ਬਿਲਕੁੱਲ ਵੱਖਰੀ ਹੈ। ਇੱਕੋ ਦੱਮ ਸਾਰੇ ਇਲਾਕੇ ਦੇ ਖੰਭੇ ਅਤੇ ਟਰਾਂਸਫਾਰਮਰਾਂ ਨੂੰ ਐਮਰਜੈਂਸੀ ਰੂਪ ਵਿੱਚ ਖੜੇ ਕਰਨ ਲਈ ਵਿਭਾਗ ਕੋਲ ਕੋਈ ਖਾਸ ਬੰਦੋਬਸਤ ਨਹੀਂ ਹੈ। ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਅਤੇ ਅੱਗੇ ਝੋਨੇ ਦੀ ਫ਼ਸਲ ਦੀ ਤਿਆਰੀ ਲਈ ਬਿਜਲੀ ਸਪਲਾਈ ਦੀ ਸਖ਼ਤ ਜ਼ਰੂਰਤ ਸੀ। ਬਿਜਲੀ ਵਿਭਾਗ ਵੱਲੋਂ ਬਿਜਲੀ ਦੀ ਲਾਈਨਾਂ, ਖੰਭੇ ਅਤੇ ਟਰਾਂਸਫਾਰਮਰਾਂ ਨੂੰ ਖ਼ੜੇ ਕਰਨ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਕੰਮ ਸੌਂਪਿਆ ਹੋਇਆ ਹੈ। ਪਰ ਇਸ ਸੰਕਟ ਦੀ ਘੜੀ ਵਿੱਚ ਜ਼ਿਆਦਾਤਰ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਖ਼ਰਚ ਕਰਕੇ ਖੰਭੇ ਅਤੇ ਟਰਾਂਸਫਾਰਮਰਾਂ ਦਾ ਕੰਮ ਕਰਵਾਇਆ ਗਿਆ ਹੈ ਅਤੇ ਕਈ ਪਿੰਡਾਂ ਵਿੱਚ ਹਾਲੇ ਵੀ ਜਾਰੀ ਹੈ। ਸਕਰੌਦੀ, ਕਾਕੜਾ, ਬਖੋਪੀਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੰਗਰੂਰ ਤੋਂ ਇੱਕ ਟਰਾਂਸਫਾਰਮਰ ਲਿਆਉਣ ਲਈ 1000 ਰੁਪਏ ਰੇਹੜੀ ਵਾਲੇ ਨੂੰ ਦਿੱਤੇ ਹਨ, ਇਕ ਖੰਭਾ ਲਵਾਉਣ ਦੇ 1000 ਰੁਪਏ ਅਤੇ ਇੱਕ ਟਰਾਂਸਫਾਰਮਰ ਲਵਾਉਣ ਦੇ 5 ਹਜ਼ਾਰ ਰੁਪਏ ਪ੍ਰਾਈਵੇਟ ਬੰਦਿਆਂ ਨੂੰ ਢਾਲ ਇਕੱਠੀ ਕਰ ਕੇ ਦਿੱਤੇ ਹਨ। ਭਵਾਨੀਗੜ੍ਹ ਸ਼ਹਿਰ ਦੇ ਕਿਸਾਨਾਂ ਨੇ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਬਿਜਲੀ ਸਪਲਾਈ ਆਪਣੇ ਖਰਚੇ ਰਾਹੀਂ ਕਰਵਾਈ ਗਈ ਹੈ।
ਇਸੇ ਦੌਰਾਨ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਬਿਜਲੀ ਵਿਭਾਗ ਦੇ ਠੇਕੇਦਾਰਾਂ ਰਾਹੀਂ ਅੱਜ 29 ਦਿਨਾਂ ਬਾਅਦ ਕੰਮ ਨੇਪਰੇ ਚੜ੍ਹਿਆ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਦੱਸਿਆ ਕਿ ਬਿਜਲੀ ਸਪਲਾਈ ਦਾ ਕੰਮ ਜ਼ਿਆਦਤਰ ਲੋਕਾਂ ਵੱਲ਼ੋਂ ਖ਼ੁਦ ਆਪ ਖਰਚਾ ਕਰ ਕੇ ਕਰਵਾਇਆ ਗਿਆ ਹੈ। ਉਨ੍ਹਾਂ ਇਸ ਕੰਮ ਵਿੱਚ ਘਪਲੇਬਾਜ਼ੀ ਦੇ ਸ਼ੰਕੇ ਵੀ ਜਤਾਏ ਹਨ।
ਇਸੇ ਦੌਰਾਨ ਮਹਿੰਦਰ ਸਿੰਘ ਐੱਸਡੀਓ ਭਵਾਨੀਗੜ੍ਹ ਨੇ ਦੱਸਿਆ ਕਿ ਮਹਿਕਮੇ ਵੱਲੋਂ ਜਿਹੜਾ ਕੰਮ ਆਪਣੇ ਠੇਕੇਦਾਰਾਂ ਰਾਹੀਂ ਕੰਮ ਕਰਵਾਇਆ ਗਿਆ ਹੈ, ਉਸ ਦਾ ਸਾਰਾ ਖਰਚ ਠੇਕੇਦਾਰਾਂ ਨੂੰ ਮਹਿਕਮੇ ਵੱਲੋਂ ਦਿੱਤਾ ਜਾਵੇਗਾ।