ਸਬ-ਡਿਵੀਜ਼ਨ ਅਮਰਗੜ੍ਹ ਵਿੱਚ 80ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੌਰਾਨ ਪਹਿਲਾਂ ਨਗਰ ਪੰਚਾਇਤ ਅਮਰਗੜ੍ਹ ਦੇ ਸਥਾਨਕ ਦਫਤਰ ਵਿੱਚ ਪ੍ਰਧਾਨ ਰੁਚਿਕਾ ਕੌੜਾ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਪੰਜਾਬ ਸਰਕਾਰ ਵੱਲੋਂ ਵਿੱਢੇ ਨਸ਼ਿਆਂ ਵਿਰੁੱਧ ਯੁੱਧ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸ ਡੀ ਐੱਮ ਰeਜੇਸ਼ ਕੁਮਾਰ ਸ਼ਰਮਾ, ਤਹਿਸੀਲਦਾਰ ਪ੍ਰਵੀਨ ਕੁਮਾਰ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਗੋਗੀ, ਸਮਾਜ ਸੇਵੀ ਦੀਪਕ ਕੌੜਾ ਤੇ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਸਮੇਂ ਦੇਸ਼ ਲਈ ਜਾਨਾਂ ਨਿਛਾਵਰ ਕਰਨ ਤੇ ਜੇਲ੍ਹਾਂ ਕੱਟਣ ਵਾਲੇ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਵੀ ਬੁਲਾਇਆ ਗਿਆ ਸੀ, ਜਿਨ੍ਹਾਂ ਪੱਤਰਕਾਰਾਂ ਕੋਲ ਮਾੜੇ ਪ੍ਰਬੰਧਾਂ ਸਬੰਧੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੌਥੀ ਲਾਈਨ ’ਚ ਅਤਿ ਦੀ ਗਰਮੀ ਵਿੱਚ ਪਿੱਛੇ ਬਿਠਾਇਆ ਗਿਆ ਅਤੇ ਚਾਹ ਪਾਣੀ ਵੀ ਨਹੀਂ ਪੁੱਛਿਆ ਗਿਆ। ਪ੍ਰਬੰਧਕਾਂ ’ਤੇ ਸ਼ਿਕਵਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮਾਣ-ਸਤਿਕਾਰ ਨਹੀਂ ਦੇਣਾ ਹੁੰਦਾ ਤਾਂ ਇਸ ਤੋਂ ਚੰਗਾ ਤਾਂ ਉਨ੍ਹਾਂ ਨੂੰ ਬੁਲਾਇਆ ਹੀ ਨਾ ਜਾਵੇ।
ਐੱਸ ਡੀ ਐੱਮ ਨੇ ਖ਼ੁਦ ਜਾ ਕੇ ਸਨਮਾਨ ਕੀਤਾ
ਐੱਸ ਡੀ ਐੱਮ ਰਾਜੇਸ਼ ਕੁਮਾਰ ਸ਼ਰਮਾ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਦਰਸ਼ਕਾਂ ਵਿੱਚ ਬੈਠੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਉੱਥੇ ਜਾ ਕੇ ਸਨਮਾਨਿਤ ਕਰ ਕੇ ਆਏ ਅਤੇ ਅੱਗਿਓਂ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।

