ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਵਿਰੁੱਧ ਫਲੈਗ ਮਾਰਚ

ਗੁਰਦੀਪ ਸਿੰਘ ਲਾਲੀ

ਸੰਗਰੂਰ, 9 ਅਗਸਤ

ਪੰਜਾਬ ਸਰਕਾਰ ਵੱਲੋੋਂ ਨਾਜਾਇਜ਼ ਸ਼ਰਾਬ ਦੀ ਵਰਤੋਂ ਤੇ ਵਿਕਰੀ ਦੀ ਰੋੋਕਥਾਮ ਦੇ ਮੱਦੇਨਜ਼ਰ ਪ੍ਰਾਪਤ ਹੋਈਆਂ ਹਦਾਇਤਾਂ ਤੋਂ ਬਾਅਦ ਆਬਕਾਰੀ ਵਿਭਾਗ ਵੱਲੋੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਦੇ ਸਹਿਯੋਗ ਨਾਲ ਸਥਾਨਕ ਧਿਵਰ ਬਸਤੀ, ਸੁੰਦਰ ਬਸਤੀ ਤੇ ਰਾਮ ਨਗਰ ਬਸਤੀ ’ਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਵਿੱਚ ਸਹਾਇਕ ਕਮਿਸ਼ਨਰ (ਆਬਕਾਰੀ) ਸੰਗਰੂਰ ਚੰਦਰ ਮਹਿਤਾ, ਆਬਕਾਰੀ ਅਫ਼ਸਰ ਸੰਗਰੂਰ ਤੇਜਿੰਦਰ ਗਰਗ, ਡੀਐੱਸਪੀ ਸੰਗਰੂਰ ਸਤਪਾਲ ਸ਼ਰਮਾ ਤੇ ਐੱਸਐਚਓ ਗੁਰਵੀਰ ਸਿੰਘ ਤੋਂ ਇਲਾਵਾ ਸੰਗਰੂਰ ਦਫ਼ਤਰ ਦੇ ਸਮੂਹ ਆਬਕਾਰੀ ਨਿਰੀਖਕ ਸ਼ਾਮਲ ਸਨ। ਫਲੈਗ ਮਾਰਚ ਦੌਰਾਨ ਸਥਾਨਕ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਕਿ ਕੱਚੀ ਰੂੜੀ ਮਾਰਕਾ ਤੇ ਲਾਹਣ ਤੋਂ ਬਣੀ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ ਤੇ ਇਹ ਸ਼ਰਾਬ ਜ਼ਹਿਰੀਲੀ ਹੋਣ ਕਾਰਨ ਅੱਖਾਂ ਦੀ ਰੌਸ਼ਨੀ ’ਤੇ ਮਾੜਾ ਅਸਰ ਪਾਉਂਦੀ ਹੈ ਤੇ ਇਸ ਦੀ ਵਰਤੋਂ ਨਾਲ ਜਾਨ ਵੀ ਜਾ ਸਕਦੀ ਹੈ। ਇਸ ਮੌਕੇ ਲੋਕਾਂ ਨੂੰ ਦੱਸਿਆ ਕਿ ਇਸ ਲਈ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਇਸ ਜ਼ਹਿਰੀਲੀ ਸ਼ਰਾਬ ਨੂੰ ਸਦਾ ਲਈ ਤਿਆਗ ਦੇਣਾ ਚਾਹੀਦਾ ਹੈ। ਕਿਸੇ ਵੀ ਅਣਅਧਿਕਾਰਤ ਜਗ੍ਹਾ ਤੋੋਂ ਤੇ ਬਾਹਰਲੇ ਰਾਜ ਤੋੋਂ ਸਮਗਲਿੰਗ ਹੋ ਕੇ ਆਈ ਸ਼ਰਾਬ ਨੂੰ ਖਰੀਦਣਾ, ਵੇਚਣਾ, ਕਬਜ਼ੇ ’ਚ ਰੱਖਣਾ ਤੇ ਇਸਦਾ ਸੇਵਨ ਕਰਨਾ ਜ਼ੁਰਮ ਹੈ। ਆਬਕਾਰੀ ਐਕਟ ਅਧੀਨ ਜੇ ਕਿਸੇ ਵੀ ਵਿਅਕਤੀ ਤੋੋਂ ਅਜਿਹੀ ਸ਼ਰਾਬ ਫੜੀ ਜਾਂਦੀ ਹੈ ਤਾਂ ਉਸਨੂੰ 10 ਲੱਖ ਰੁਪਏ ਜ਼ੁਰਮਾਨੇ ਦੇ ਨਾਲ ਕੈਦ ਵੀ ਹੋ ਸਕਦੀ ਹੈ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਉਂਦੇ ਹੋਏ ਸਰਕਾਰ ਦੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇ ਤੇ ਜੇ ਕੋਈ ਵਿਅਕਤੀ ਅਜਿਹੀ ਸ਼ਰਾਬ ਵੇਚਣ ਜਾਂ ਕਬਜ਼ੇ ’ਚ ਰੱਖਣ ਦਾ ਆਦੀ ਹੈ ਤਾਂ ਇਸ ਸਬੰਧੀ ਸੂਚਨਾ ਆਬਕਾਰੀ ਵਿਭਾਗ ਤੇ ਜ਼ਿਲ੍ਹਾ ਪੁਲੀਸ ਨੂੰ ਦਿੱਤੀ ਜਾਵੇ। ਨਾਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਤੇ ਜ਼ਿਲ੍ਹਾ ਪੁਲੀਸ ਵੱਲੋੋਂ ਮਿਤੀ 01.04.2020 ਤੋਂ 08.08.2020 ਤੱਕ 330 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚ ਸਮੱਗਲਡ ਸ਼ਰਾਬ ਦੀਆਂ 25222 ਬੋਤਲਾਂ, 6023 ਲੀਟਰ ਲਾਹਣ, 379 ਬੋਤਲਾਂ ਨਜਾਇਜ਼ ਸ਼ਰਾਬ ਤੇ 11 ਚਾਲੂ ਭੱਠੀਆਂ ਪਕੜੀਆਂ ਗਈਆਂ ਹਨ। ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਤੇ ਹੋਰ ਵੀ ਨਕੇਲ ਕਸੀ ਜਾਵੇਗੀ ਤਾਂ ਜੋ ਆਮ ਨਾਗਰਿਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਤੇ ਸਰਕਾਰੀ ਮਾਲੀਆ ਸੁਰੱਖਿਅਤ ਕੀਤਾ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All