ETT Teachers Arrested: ਸੰਗਰੂਰ ਤੇ ਧੂਰੀ ’ਚ ਬੇਰੁਜ਼ਗਾਰ ਅਧਿਆਪਕਾਂ ਖਿਲਾਫ਼ ਕੇਸ; 20 ਜਣਿਆਂ ਨੂੰ ਜੇਲ੍ਹ ਭੇਜਿਆ
ਸਿੱਖਿਆ ਮੰਤਰੀ ਦੀਆਂ ਗੱਡੀਆਂ ਦਾ ਕਾਫ਼ਲਾ ਰੋਕਣ ਅਤੇ ਧੂਰੀ ਟਾਵਰ ਮੋਰਚੇ ਦਾ ਮਾਮਲਾ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦਾ ਕਾਫ਼ਲਾ ਰੋਕਣ ਦੇ ਮਾਮਲੇ ਤੋਂ ਬਾਅਦ ਸੰਗਰੂਰ ਪੁਲੀਸ ਨੇ ਸਖਤ ਰੁਖ਼ ਅਪਣਾਉਂਦਿਆਂ ਜਿਥੇ ਮੌਕੇ ਤੋਂ ਹਿਰਾਸਤ ਵਿਚ ਲਏ ਕਰੀਬ ਅੱਠ ਬੇਰੁਜ਼ਗਾਰ 5994 ਈ ਟੀ ਟੀ ਅਧਿਆਪਕਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਸੰਗਰੂਰ ਥਾਣੇ ਵਿਚ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ, ਉਥੇ ਅੱਜ ਤੜਕੇ ਮੁੱਖ ਮੰਤਰੀ ਦੇ ਹਲਕਾ ਧੂਰੀ ਵਿਚ ਚੱਲ ਰਹੇ ਟਾਵਰ ਮੋਰਚੇ ਨੂੰ ਖਦੇੜਦਿਆਂ ਮੌਕੇ ਤੋਂ ਕਰੀਬ ਇੱਕ ਦਰਜਨ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਨੇ ਇਸ ਸਬੰਧੀ ਧੂਰੀ ਵਿਚ ਕੇਸ ਦਰਜ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਉਧਰ ਅੱਜ ਬੇਰੁਜ਼ਗਾਰ 5994 ਈ ਟੀ ਟੀ ਅਧਿਆਪਕ ਯੂਨੀਅਨ ਦਾ ਵਫ਼ਦ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਸਥਾਨਕ ਜ਼ਿਲ੍ਹਾ ਦਫ਼ਤਰ ਵਿਚ ਪੁਲੀਸ ਅਧਿਕਾਰੀਆਂ ਨੂੰ ਮਿਲਿਆ ਅਤੇ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅੱਧੀ ਦਰਜਨ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਲੋਂ ਉਸ ਸਮੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦਾ ਕਾਫ਼ਲਾ ਰੋਕਦਿਆਂ ਨਾਅਰੇਬਾਜ਼ੀ ਕੀਤੀ ਗਈ ਜਦੋਂ ਸਿੱਖਿਆ ਮੰਤਰੀ ਸਥਾਨਕ ਡਾਈਟ ਵਿਚ ਇੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਮੌਕੇ ਤੇ ਪੁਲੀਸ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਲੈ ਗਈ ਸੀ। ਸੰਗਰੂਰ ਪੁਲੀਸ ਵਲੋਂ ਕਰੀਬ ਅੱਠ ਬੇਰੁਜ਼ਗਾਰ ਅਧਿਆਪਕਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਸਬੰਧ ਵਿਚ ਡੀਐਸਪੀ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਠ ਜਣਿਆਂ ਖਿਲਾਫ਼ ਜਦੋਂ ਕਿ ਚਾਰ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਧਰ ਅੱਜ ਤੜਕੇ ਪੁਲੀਸ ਨੇ ਧੂਰੀ ਵਿਚ ਟਾਵਰ ਹੇਠਾਂ ਕਰੀਬ 25 ਦਿਨਾਂ ਚੱਲ ਰਹੇ ਮੋਰਚੇ ਨੂੰ ਖਦੇੜਦਿਆਂ ਮੌਕੇ ਤੋ ਮੌਜੂਦ ਪੰਜ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਸਮੇਤ 12 ਜਣਿਆਂ ਨੂੰ ਵੀ ਹਿਰਾਸਤ ਵਿਚ ਲੈ ਕੇ ਥਾਣਾ ਧੂਰੀ ਵਿਚ ਕੇਸ ਦਰਜ ਕਰ ਦਿੱਤਾ ਹੈ ਜਿਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਡੀਐਸਪੀ ਧੂਰੀ ਗੁਰਪ੍ਰੀਤ ਸਿੰਘ ਨੇ ਇਸ ਬਾਬਤ ਪੁਸ਼ਟੀ ਕੀਤੀ ਹੈ।
ਇਸ ਸੰਘਰਸ਼ ਦੌਰਾਨ ਹੁਣ ਸਿਰਫ਼ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਮਾਨਸਾ ਹੀ ਮੋਬਾਇਲ ਟਾਵਰ ਉਪਰ ਡਟਿਆ ਹੋਇਆ ਹੈ।
ਉਧਰ ਅੱਜ ਸਾਥੀਆਂ ਦੀ ਰਿਹਾਈ ਲਈ ਯੂਨੀਅਨ ਦਾ ਵਫ਼ਦ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਐਸ.ਪੀ. ਨਵਰੀਤ ਸਿੰਘ ਵਿਰਕ ਨੂੰ ਵੀ ਮਿਲਿਆ ਸੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਵਲੋਂ ਭਰੋਸਾ ਹੀ ਮਿਲਿਆ ਹੈ।
