environmental pollution: ਈਥਾਨੌਲ ਬਣਾਉਣ ਵਾਲੀ ਫੈਕਟਰੀ ਵਿਰੁੱਧ ਕਾਲਾਬੂਲਾ ’ਚ ਕਮੇਟੀ ਕਾਇਮ
ਵਾਤਾਵਰਨ ਖ਼ਰਾਬ ਕਰਨ ਵਾਲੀਆਂ ਗਤੀਵਿਧੀਆਂ ਖ਼ਿਲਾਫ਼ ਸਰਗਰਮ ਹੋਣ ਦਾ ਅਹਿਦ
ਸ਼ੇਰਪੁਰ-ਧੂਰੀ ਸੜਕ ’ਤੇ ਸਥਿਤ ਈਥਾਨੌਲ ਬਣਾਉਣ ਵਾਲੀ ਫੈਕਟਰੀ ਵਿਰੁੱਧ ਬਲਾਕ ਸ਼ੇਰਪੁਰ ਦੇ ਪਿੰਡ ਕਾਲਾਬੂਲਾ ਵਿਖੇ ਕਮੇਟੀ ਬਣਾਈ ਗਈ ਅਤੇ ਹਾਜ਼ਰੀਨ ਨੇ ਵਾਤਾਵਰਨ ਵਿੱਚ ਵਿਗਾੜ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਲੜੀ ਜਾਣ ਵਾਲੀ ਤਿੱਖੀ ਲੜਾਈ ’ਚ ਸਰਗਰਮ ਭੂਮਿਕਾ ਅਦਾ ਕਰਨ ਦਾ ਅਹਿਦ ਲਿਆ। ਪਿੰਡ ਕਾਲਾਬੂਲਾ ਦੇ ਦਰਵਾਜ਼ੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਘਰਸ਼ ਦੇ ਮੋਹਰੀ ਆਗੂ ਜਸਪਾਲ ਸਿੰਘ ਜੱਸਾ ਘਨੌਰ ਨੇ ਕਿਹਾ ਕਿ ਸਬੰਧਤ ਫੈਕਟਰੀ ’ਚੋਂ ਨਿਕਲਦਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਕਿਉਂਕਿ ਸਵੇਰ ਸ਼ਾਮ ਇਲਾਕੇ ਅੰਦਰ ਫੈਲਦੀ ਬੁਦਬੂ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਨੇ ਫੈਕਟਰੀ ’ਚ ਵਰਤੇ ਜਾਂਦੇ ਪਾਣੀ ਸਬੰਧੀ ਵੀ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਿਰ ਕੀਤੇ। ਉਨ੍ਹਾਂ ਪਿੰਡ ਕਾਲਾਬੂਲਾ ਦੇ ਇੱਕ ਉਸ ਕਿਸਾਨ ਦਾ ਵੀ ਜ਼ਿਕਰ ਕੀਤਾ ਜਿਸ ਦੇ ਖੇਤੀਬਾੜੀ ਵਾਲੇ ਟਿਊਬਵੈੱਲ ਵਿੱਚੋਂ ਨਿਕਲਦੇ ਕਾਲੇ ਪਾਣੀ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋਈ ਸੀ। ਇਸੇ ਤਰ੍ਹਾਂ ਪਿੰਡ ਘਨੌਰੀ ਕਲਾਂ ਦੇ ਕਿਸਾਨ ਸੁਰਜੀਤ ਸਿੰਘ ਦੇ ਖੇਤ ਵਿੱਚ ਸਬੰਧਤ ਫੈਕਟਰੀ ਦੀ ਸੁਆਲ ਸੁਟਵਾਏ ਜਾਣ ਦੇ ਨੁਕਸਾਨ ਬਾਰੇ ਵੀ ਚਰਚਾ ਕੀਤੀ। ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਉਹ ਫੈਕਟਰੀ ਖਿਲਾਫ਼ ਉੱਠੀ ਆਵਾਜ਼ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਧਰ ਫੈਕਟਰੀ ਦੇ ਮੈਨੇਜਰ ਦਾ ਕਹਿਣਾ ਹੈ ਕਿ ਦੋਸ਼ ਝੂਠੇ ਤੇ ਬੇ-ਬੁਨਿਆਦ ਹਨ ਕਿਉਂਕਿ ਇਹ ਫੈਕਟਰੀ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀ।
ethanol plant protest, kalabula village, sherpur dhuri road, jaspal singh jassa ghanaur, narinder singh kalabula, environmental pollution protest, punjab news

