environment pollution: ਈਥਾਨੌਲ ਫੈਕਟਰੀ ਖ਼ਿਲਾਫ਼ ਘਨੌਰੀ ਕਲਾਂ ’ਚ ਮਾਰਚ
ਕਿਸਾਨਾਂ ਤੇ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ; ਲੋਕਾਂ ਨੂੰ ਜਾਗਣ ਦਾ ਹੋਕਾ
ਸ਼ੇਰਪੁਰ-ਧੂਰੀ ਸੜਕ ’ਤੇ ਸਥਿਤ ਈਥਾਨੌਲ ਤਿਆਰ ਕਰਨ ਵਾਲੀ ਫੈਕਟਰੀ ਵਿਰੁੱਧ ਲੋਕਾਂ ’ਚ ਵਧ ਰਹੇ ਰੋਹ ਕਾਰਨ ਮਾਮਲਾ ਭਖ਼ਣ ਦੇ ਆਸਾਰ ਹਨ। ਇਸ ਸਬੰਧੀ ਪਿੰਡ ਘਨੌਰੀ ਕਲਾਂ ’ਚ ਕਿਸਾਨਾਂ ਤੇ ਨੌਜਵਾਨਾਂ ਨੇ ਲੋਕ ਚੇਤਨਾ ਲਈ ਪਿੰਡ ਵਿੱਚ ਰੋਸ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ।
ਪਿੰਡ ਘਨੌਰੀ ਕਲਾਂ ਦੇ ਧੂਰੀ ਵਾਲੇ ਦਰਵਾਜੇ ਕਿਸਾਨਾਂ ਤੇ ਨੌਜਵਾਨਾ ਨੇ ਇਕੱਤਰਤਾ ਕੀਤੀ ਅਤੇ ਵਾਤਾਵਰਨ ਦੀ ਸ਼ੁੱਧਤਾ ਸਬੰਧੀ ਪਿੰਡ ਵਿੱਚ ਲੋਕ ਚੇਤਨਾ ਦੇ ਮੱਦੇਨਜਰ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਰੋਸ ਮਾਰਚ ਕੀਤਾ ਗਿਆ। ਨੌਜਵਾਨ ਆਗੂ ਡਾ. ਕਰਨ ਸ਼ਰਮਾ, ਪਵਨਦੀਪ ਸਿੰਘ ਚਹਿਲ, ਸਾਬਕਾ ਪੰਚ ਪਰਗਟ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ ਹੈਪੀ, ਜੀਵਨ ਸਿੰਘ, ਪੰਚ ਸਾਧੂ ਰਾਮ, ਸ਼ੈਰੀ ਚਹਿਲ, ਕਿਸਾਨ ਸੁਰਜੀਤ ਸਿੰਘ ਘਨੌਰੀ ਆਦਿ ਨੇ ਫੈਕਟਰੀ ਦੀ ਦੁਰਗੰਧ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ ਅਤੇ ਲੱਖਾਂ ਲੀਟਰ ਪਾਣੀ ਸਬੰਧੀ ਲੋਕਾਂ ਦੇ ਕਈ ਤਰ੍ਹਾਂ ਖ਼ਦਸ਼ੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਆਪ ਮੁਹਾਰੇ ਲੋਕਾਂ ਦੀ ਬਣ ਰਹੀ ਲਹਿਰ ਵਿੱਚ ਪਿੰਡ ਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲੈਣ ਦਾ ਦਾਅਵਾ ਤੇ ਵਾਅਦਾ ਕੀਤਾ। ਬਾਅਦ ਵਿੱਚ ਨੌਜਵਾਨਾਂ ਨੇ ਮੋਟਰਸਾਈਕਲਾਂ ਰਾਹੀ ਪਿੰਡ ਦੀ ਫਿਰਨੀ ਤੋਂ ਹੁੰਦੇ ਹੋਏ। ਪਰਸੀਂਹ ਪੱਤੀ ਦਰਵਾਜਾ, ਸੂਰਾ ਪੱਤੀ, ਲਟੀਆ ਪੱਤੀ ਹੁੰਦੇ ਹੋਏ ਪਿੰਡ ਦੇ ਧੂਰੀ ਵਾਲੇ ਦਰਵਾਜ਼ੇ ’ਤੇ ਆ ਕੇ ਮਾਰਚ ਸਮਾਪਤ ਕੀਤਾ। ਫੈਕਟਰੀ ਮੈਨੇਜਮੈਂਟ ਪਹਿਲਾਂ ਹੀ ਦਾਅਵਾ ਕਰ ਚੁੱਕੀ ਹੈ ਕਿ ਫੈਕਟਰੀ ਵਿੱਚ ਵਾਟਰ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ ਅਤੇ ਵਿਭਾਗ ਦੇ ਸਾਰੇ ਨਿਯਮਾਂ ਦੀ ਬਕਾਇਦਾ ਪਾਲਣਾ ਕੀਤੀ ਜਾ ਰਹੀ ਹੈ ਅਤੇ ਕਿਸੇ ਤਰਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੋ ਰਿਹਾ।

