Encroachment Dispute: ਪੰਚਾਇਤ ’ਤੇ ਗ਼ਰੀਬ ਪਰਿਵਾਰ ਦੀ ਕੰਧ ਢਾਹੁਣ ਦਾ ਦੋਸ਼
ਇੱਥੋਂ ਨੇੜਲੇ ਪਿੰਡ ਮਹਿਮਾ ਦੇ ਗ਼ਰੀਬ ਪਰਿਵਾਰ ਗੁਰਮੇਲ ਸਿੰਘ ਤੇ ਜਸਪਾਲ ਸਿੰਘ ਦੇ ਸੜਕ ਦੇ ਨੇੜੇ ਦੋ ਛੋਟੇ ਛੋਟੇ ਪਲਾਟਾਂ ਵਿੱਚ ਬਣੀ ਕੰਧ ਅੱਜ ਪੰਚਾਇਤ ਨੇ ਢਾਹ ਦਿੱਤੀ ਹੈ। ਪੰਚਾਇਤ ਉਨ੍ਹਾਂ ਦੇ ਪਲਾਟ ਵਿੱਚੋਂ ਰਾਹ ਬਣਾਉਣਾ ਚਾਹੁੰਦੀ ਹੈ। ਇਨ੍ਹਾਂ ਪਲਾਟਾਂ...
ਇੱਥੋਂ ਨੇੜਲੇ ਪਿੰਡ ਮਹਿਮਾ ਦੇ ਗ਼ਰੀਬ ਪਰਿਵਾਰ ਗੁਰਮੇਲ ਸਿੰਘ ਤੇ ਜਸਪਾਲ ਸਿੰਘ ਦੇ ਸੜਕ ਦੇ ਨੇੜੇ ਦੋ ਛੋਟੇ ਛੋਟੇ ਪਲਾਟਾਂ ਵਿੱਚ ਬਣੀ ਕੰਧ ਅੱਜ ਪੰਚਾਇਤ ਨੇ ਢਾਹ ਦਿੱਤੀ ਹੈ। ਪੰਚਾਇਤ ਉਨ੍ਹਾਂ ਦੇ ਪਲਾਟ ਵਿੱਚੋਂ ਰਾਹ ਬਣਾਉਣਾ ਚਾਹੁੰਦੀ ਹੈ। ਇਨ੍ਹਾਂ ਪਲਾਟਾਂ ’ਤੇ ਦੋਵਾਂ ਭਰਾਵਾਂ ਦਾ ਪਿਛਲੇ 50 ਸਾਲਾਂ ਤੋਂ ਕਬਜ਼ਾ ਹੈ। ਜਾਣਕਾਰੀ ਅਨੁਸਾਰ ਪਲਾਟਾਂ ਵਿੱਚ ਬਣੀ ਕੰਧ ਲਾਲ ਲਕੀਰ ਦੇ ਅੰਦਰ ਸੀ ਜਿਸ ਉੱਪਰ ਦੋਵਾਂ ਭਰਾਵਾਂ ਦਾ ਕਬਜ਼ਾ ਹੈ। ਪੀੜਤਾਂ ਨੇ ਇਸ ਧੱਕੇਸ਼ਾਹੀ ਦਾ ਮਾਮਲਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਇਕਾਈ ਪ੍ਰਧਾਨ ਗੁਰਮੁੱਖ ਸਿੰਘ ਦੇ ਧਿਆਨ ਵਿੱਚ ਲਿਆਂਦਾ। ਜ਼ਿਲ੍ਹਾ ਪ੍ਰਧਾਨ ਪਟਿਆਲਾ ਜ਼ੋਰਾਵਰ ਸਿੰਘ ਬਲਬੇੜਾ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਸਣੇ ਪਿੰਡ ਮਹਿਮਾ ਪਹੁੰਚੇ। ਉਨ੍ਹਾਂ ਹੋਰ ਪਿੰਡ ਵਾਸੀ ਇਕੱਤਰ ਕੀਤੇ ਜਿੱੱਥੇ ਪਿੰਡ ਦਾ ਸਰਪੰਚ ਵੀ ਆ ਗਿਆ। ਕਿਸਾਨ ਆਗੂਆਂ ਨੇ ਜਦੋਂ ਸਰਪੰਚ ਨੂੰ ਕੰਧ ਢਾਹੁਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਥਿਤ ਤੌਰ ’ਤੇ ਯੂਨੀਅਨ ਆਗੂਆਂ ਖ਼ਿਲਾਫ਼ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ।
ਇਸ ਮੌਕੇ ਗਿਆਨ ਸਿੰਘ ਰਾਏਪੁਰ, ਬਲਾਕ ਪ੍ਰਧਾਨ ਪਟਿਆਲਾ ਸਤਵੰਤ ਸਿੰਘ, ਜਸਵੰਤ ਸਿੰਘ, ਬਲਕਾਰ ਸਿੰਘ ਅਤੇ ਰਣਧੀਰ ਸਿੰਘ ਬਲਬੇੜਾ, ਗੁਰਮੁੱਖ ਸਿੰਘ ਮਹਿਮਾ ਅਤੇ ਹੋਰ ਕਿਸਾਨ ਆਗੂ ਅਤੇ ਪਿੰਡ ਦੇ ਮੋਹਤਬਰ ਮੌਜੂਦ ਸਨ।
ਇਸ ਸਬੰਧੀ ਜਦੋਂ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਥਾਣਾ ਜੁਲਕਾਂ ਵਿੱਚ ਜਾ ਕੇ ਸਰਪੰਚ ’ਤੇ ਨਾਜਾਇਜ਼ ਤੌਰ ’ਤੇ ਕੰਧ ਢਾਹੁਣ ਸਬੰਧੀ ਸ਼ਿਕਾਇਤ ਕੀਤੀ। ਉਨ੍ਹਾਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਸਰਪੰਚ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਗੁਰਮੇਲ ਸਿੰਘ ਅਤੇ ਜਸਪਾਲ ਸਿੰਘ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।
ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ: ਸਰਪੰਚ
ਪਿੰਡ ਮਹਿਮਾ ਦੇ ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਕਾਨੂੰਨ ਮੁਤਾਬਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਚਾਇਤ ਵੱਲੋਂ ਰਸਤੇ ਸਬੰਧੀ ਮਤਾ ਪਾਇਆ ਗਿਆ ਹੈ। ਇੱਥੋਂ ਦੀ ਅਗਲੇ ਘਰਾਂ ਲਈ ਸੜਕ ਬਣਾਈ ਜਾਣੀ ਹੈ। ਪੰਚਾਇਤ ਨੇ ਇਸ ਰਸਤੇ ’ਚ ਰੁਕਾਵਟ ਪਾਉਣ ਵਾਲਿਆਂ ਵਿਰੁੱਧ ਥਾਣਾ ਜੁਲਕਾਂ ਵਿੱਚ ਦਰਖਾਸਤ ਦਿੱਤੀ ਹੈ। ਕਾਬਜ਼ ਧਿਰ ਦਾ ਪਲਾਟ ’ਤੇ ਪੁਰਾਣਾ ਕਬਜ਼ਾ ਨਹੀਂ ਹੈ।

