ਮੁਲਾਜ਼ਮ ਮੰਗਾਂ

ਬਜਟ ਸੈਸ਼ਨ ’ਚ ਅੱਜ ਵੀ ਚਰਚਾ ਨਾ ਹੋਣ ’ਤੇ ਭੜਕੇ ਮੁਲਾਜ਼ਮ

ਵਿਰੋਧੀ ਧਿਰ ਵੱਲੋਂ ਮੁਲਾਜ਼ਮ ਮੰਗਾਂ ’ਤੇ ਵਾਕ ਆਊਟ ਕਰਨ ’ਤੇ ਤਸੱਲੀ ਜਤਾਈ

ਬਜਟ ਸੈਸ਼ਨ ’ਚ ਅੱਜ ਵੀ ਚਰਚਾ ਨਾ ਹੋਣ ’ਤੇ ਭੜਕੇ ਮੁਲਾਜ਼ਮ

ਭੁੱਖ ਹੜਤਾਲ਼ ਦੌਰਾਨ ਪਟਿਆਲਾ ਦੇ ਨਿਰਮਾਣ ਭਵਨ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਾਰਚ

ਸਾਂਝੇ ਫਰੰਟ ਦੇ ਸੱਦੇ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ ਯੂਨੀਅਨ ਜ਼ਿਲ੍ਹਾ ਸ਼ਾਖਾ ਪਟਿਆਲਾ ਵੱਲੋਂ ਤੀਸਰੇ ਦਿਨ ਵੀ ਮਿੰਨੀ ਸਕੱਤਰੇਤ ਦੇ ਨਿਰਮਾਣ ਭਵਨ ਅੱਗੇ ਆਪਣੇ 51 ਮੈਂਬਰ ਭੁੱਖ ਹੜਤਾਲ ’ਤੇ ਬਿਠਾਏ । ਇਸ ਦੌਰਾਨ ਰੋਸ ਰੈਲੀ ਵੀ ਕੀਤੀ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਜਲ ਸਰੋਤ ਵਿਭਾਗ ਦੇ ਮੁਲਾਜਮ ਸਾਥੀ ਵੀ ਭਾਖੜਾ ਮੇਨ ਲਾਈਨ ਸਰਕਲ ਵਿਖੇ ਵਿਭਾਗ ਦੇ ਪੁਨਰਗਠਨ ਵਿਰੁੱਧ ਰੈਲੀ ਕਰਕੇ ਰੋਸ ਮਾਰਚ ਕਰਦੇ ਹੋਏ ਨਿਰਮਾਣ ਭਵਨ ਅੱਗੇ ਹੋਈ ਰੈਲੀ ’ਚ ਸ਼ਾਮਲ ਹੋਏ। ਕੁਝ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ।

ਬੁਲਾਰਿਆਂ ਦਾ ਕਹਿਣਾ ਸੀ ਕਿ ਜੇ 8 ਮਾਰਚ ਨੂੰ ਬਜਟ ਦੌਰਾਨ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ, ਕੰਟਰੈਕਟ, ਆਊਟ ਸੋਰਸ ਸਮੇਤ ਡੇਲੀਵੇਜਿਜ ਪਾਰਟ ਟਾਈਮ ਕਰਮੀਆਂ ਨੂੰ ਰੈਗੂਲਰ ਕਰਨ ਦੀ ਵਿਵਸਥਾ ਨਾ ਕੀਤੀ ਤਾਂ ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਮੇਤ ਸਮੁੱਚੇ ਕੱਚੇ ਕਰਮਚਾਰੀ ਪਟਿਆਲਾ ਦੀ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ 10 ਮਾਰਚ ਤੱਕ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਰੈਲੀ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਮੁਲਾਜ਼ਮ ਮੰਗਾਂ ਸਬੰਧੀ ਵਿਰੋਧੀ ਧਿਰ ਵੱਲੋਂ ਕੀਤੇ ਵਾਕ ਆਊਟ ਨੂੰ ਦੇਰ ਆਏ ਦਰੁਸਤ ਆਏ ਕਿਹਾ। ਭੁੱਖ ਹੜਤਾਲੀ ਕੈਂਪ ਅਤੇ ਰੈਲੀ ਵਿੱਚ ਦਰਸ਼ਨ ਸਿੰਘ ਲੁਬਾਣਾ, ਖੁਸ਼ਵਿੰਦਰ ਕਪਿਲਾ, ਗੁਰਮੀਤ ਵਾਲੀਆ, ਸਵਰਨ ਸਿੰਘ ਬੰਗਾ, ਬਲਜਿੰਦਰ ਸਿੰਘ, ਸੂਰਜਪਾਲ ਯਾਦਵ, ਅਮਰ ਬਹਾਦਰ ਸਿੰਘ ਬਾਠ, ਇੰਦਰਪਾਲ ਸਿੰਘ ਅਤੇ ਉਪਨੈਨ ਵੀ ਸ਼ਾਮਲ ਸਨ।

ਸੰਗਰੂਰ (ਨਿਜੀ ਪੱਤਰ ਪ੍ਰੇਰਕ): ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤੀਜੇ ਦਿਨ ਵੀ ਡੀਸੀ ਕੰਪਲੈਕਸ ਅੱਗੇ ਸਮੂਹਿਕ ਭੁੱਖ ਹੜਤਾਲ ਜਾਰੀ ਰਹੀ ਅਤੇ ਪੰਜਾਬ ਸਰਕਾਰ ’ਤੇ ਵਿਧਾਨ ਸਭਾ ਸੈਸ਼ਨ ਦੌਰਾਨ ਮੁਲਾਜ਼ਮ ਮਸਲੇ ਅਣਗੌਲੇ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਕਨਵੀਨਰਾਂ ਸਾਥੀ ਰਾਜ ਕੁਮਾਰ ਅਰੋੜਾ, ਬਾਲ ਕ੍ਰਿਸ਼ਨ ਚੌਹਾਨ, ਵਾਸਵੀਰ ਭੁੱਲਰ, ਸੁਖਦੇਵ ਚੰਗਾਲੀਵਾਲਾ, ਪ੍ਰੀਤਮ ਸਿੰਘ ਧੂਰਾ, ਸੀਤਾ ਰਾਮ ਸਰਮਾ, ਅਭਿਨਾਸ ਸਰਮਾਂ ਅਤੇ ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ ਦੀ ਅਗਵਾਈ ਹੇਠ ਜਿਥੇ 51 ਮੈਂਬਰ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਉਥੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਰਾਜ ਕੁਮਾਰ ਅਰੋੜਾ, ਰਣਜੀਤ ਸਿੰਘ ਰਾਣਵਾਂ, ਜਗਦੀਸ ਸਰਮਾਂ ਅਤੇ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਤੱਕ ਨਹੀਂ ਦਿੱਤਾ, 6ਵਾਂ ਪੇਅ ਕਮਿਸ਼ਨ, ਡੀਏ ਦਾ ਬਕਾਇਆ, 1-1-15 ਤੋਂ ਭਰਤੀ ਮੁਲਾਜਮਾਂ ਨੂੰ ਪਰਖ ਕਾਲ ਦੌਰਾਨ ਮੁਢਲੀ ਤਨਖਾਹ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨ ਜਿਹੇ ਮੁਲਾਜ਼ਮ ਮਸਲੇ ਭਾਵੇਂ ਅਕਾਲੀ, ਬੀਜੇਪੀ ਗਠਜੋੜ ਦੀ ਸਰਕਾਰ ਮੌਕੇ ਤੋਂ ਹੀ ਲਟਕ ਰਹੇ ਹਨ ਪਰੰਤੂ 2017 ਵਿਚ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਨੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਸਮੂਹ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਡੀਏ ਦੀਆਂ ਬਕਾਇਆ ਕਿਸ਼ਤਾਂ ਅਤੇ ਬਕਾਇਆ ਦਿੱਤਾ ਜਾਵੇ, ਜਬਰੀ ਲਾਗੂ ਕੀਤੇ ਕੇਂਦਰੀ ਤਨਖਾਹ ਸਕੇਲ ਰੱਦ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਜਜ਼ੀਆ ਟੈਕਸ ਵਸੂਲੀ ਬੰਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਬਜਟ ਵਿਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕਾ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕੀਤਾ ਤਾਂ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਵਿਚ 8 ਮਾਰਚ ਨੂੰ ਸਰਕਾਰ ਦੀਆਂ ਅਰਥੀਆਂ ਅਤੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All