ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ
‘ਆਪ’ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਦੇ ਘਿਰਾਓ ਦੀ ਚਿਤਾਵਨੀ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਆਜ਼ਾਦ ਜਥੇਬੰਦੀਆਂ ਦੇ ਸੱਦੇ ’ਤੇ ਡਿਪਟੀ ਕਮਿਸ਼ਨਰਾਂ ਪਟਿਆਲਾ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਨੇ ਚੋਣਾਂ ਵੇਲੇ ਕੀਤੇ ਵਾਅਦਿਆਂ ਮੁਤਾਬਕ ਮੰਗਾਂ ਨਾ ਮੰਨੀਆਂ ਤਾਂ 1 ਤੋਂ 10 ਜੁਲਾਈ ਤੱਕ ‘ਆਪ’ ਦੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਗੁਰਦੀਪ ਵਾਲੀਆ, ਸੁਖਵਿੰਦਰ ਸੋਢੀ, ਦਰਸ਼ਨ ਬੇਲੂਮਾਜਰਾ, ਰਾਮ ਚੰਦ ਧਾਮੋਮਾਜਰਾ, ਬਿਕਰਮਦੇਵ ਸਿੰਘ ਅਤੇ ਗੁਰਮੀਤ ਵਾਲੀਆ ਨੇ ਰੈਲੀ ਨੂੰ ਸੰਬੋਧਨ ਕੀਤਾ। ਬਚਿੱਤਰ ਸਿੰਘ, ਗੁਰਮੇਲ ਵਿਰਕ, ਪਰਮਜੀਤ ਸਿੰਘ, ਦੀਦਾਰ ਸਿੰਘ, ਸੰਤ ਰਾਮ, ਨਾਹਰ ਸਿੰਘ, ਜਸਵਿੰਦਰ ਸਿੰਘ, ਖੁਸ਼ਿਵੰਦਰ ਕਪਿਲਾ, ਮਨੋਜ ਘਈ, ਸਵਰਨ ਬੰਗਾ, ਦਲਜੀਤ ਕੋਹਲੀ, ਭਿੰਦਰ ਸਿੰਘ, ਸੋਹਨ ਵਿਰਕ, ਇੰਦਰਪ੍ਰੀਤ ਸਿੰਘ ਅਤੇ ਸੁਖਵਿੰਦਰ ਆਲਮਪੁਰ ਨੇ ਮੰਗ ਕੀਤੀ ਕਿ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਤੁਰੰਤ ਦਿੱਤੇ ਜਾਣ, ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਵਿਭਾਗਾਂ ਦਾ ਨਿਜੀਕਰਨ ਪੰਚਾਇਤੀ ਕਰਨ ਬੰਦ ਕੀਤਾ ਜਾਵੇ, ਮੁਲਾਜ਼ਮਾਂ ਦੇ ਸਕੇਲਾਂ ਸਬੰਧੀ ਹਾਈ ਕੋਰਟ ਵਿੱਚ ਗਲਤ ਰਿਪੋਰਟਾਂ ਦੇਣੀਆਂ ਬੰਦ ਕੀਤੀਆਂ ਜਾਣ ਅਤੇ ਖ਼ਾਲੀ ਪੋਸਟਾਂ ’ਤੇ ਰੈਗੂਲਰ ਭਰਤੀ ਕੀਤੀ ਜਾਵੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 17 ਜੁਲਾਈ ਨੂੰ ਮੁਹਾਲੀ ਰੈਲੀ ਕਰ ਕੇ ਚੰਡੀਗੜ੍ਹ ਵੱਲ ਮਾਰਚ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਮੁੱਚੇ ਕਿਰਤੀ ਵਰਗ ਨੂੰ ਨਾਲ ਪੰਜਾਬ ਬੰਦ ਵੱਲ ਵਧਿਆ ਜਾਵੇਗਾ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਗਾਮੀ ਚੋਣਾਂ ਵਿੱਚ ਭੁਗਤਣਾ ਪਵੇਗਾ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਇਕੱਠੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਤੀ ਧਾਰਨ ਕੀਤੀ ਟਾਲਮਟੋਲ ਅਤੇ ਲਾਰੇ-ਲੱਪੇ ਵਾਲੀ ਨੀਤੀ ਖ਼ਿਲਾਫ਼ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਪੰਜਾਬ ਸਰਕਾਰ ਦੀ ਮੰਗਾਂ ਪ੍ਰਤੀ ਚੁੱਪੀ ਤੋੜਨ ਲਈ 7 ਜੁਲਾਈ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਸੁਖਦੇਵ ਸਿੰਘ ਚੰਗਾਲੀਵਾਲਾ, ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਮੇਲਾ ਸਿੰਘ ਪੁੰਨਾਂਵਾਲ, ਰਾਜਵੀਰ ਬਡਰੁੱਖਾਂ, ਗੁਰਪ੍ਰੀਤ ਸਿੰਘ ਮੰਗਵਾਲ ਅਤੇ ਜਗਦੇਵ ਬਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਰਹਿੰਦਾ 18 ਫ਼ੀਸਦੀ ਡੀ ਏ ਤੁਰੰਤ ਜਾਰੀ ਕਰੇ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕੀਤਾ ਜਾਵੇ, ਸਾਰੇ ਕੱਚੇ ਠੇਕਾ ਆਧਾਰਤ, ਇਨਸੈਂਟਿਵ ਮੁਲਾਜ਼ਮ ਰੈਗੂਲਰ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਸਮੇਤ ਏਸੀਪੀ ਲਾਗੂ ਕੀਤੀ ਜਾਵੇ, ਕੱਟੇ ਹੋਏ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਤਿੰਨ ਸਾਲਾ ਪ੍ਰਵੇਸ਼ਨ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਹ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਫਕੀਰ ਸਿੰਘ ਟਿੱਬਾ, ਸੁਰਿੰਦਰ ਕੁਮਾਰ ਬਾਲੀਆ, ਮਾਲਵਿੰਦਰ ਸਿੰਘ ਸੰਧੂ, ਦਾਤਾ ਸਿੰਘ ਨਮੋਲ, ਜੋਤਿੰਦਰ ਸਿੰਘ, ਸੁਖਵਿੰਦਰ ਸਿੰਘ ਗਿਰ, ਕ੍ਰਿਸ਼ਨ ਸਿੰਘ ਦੁੱਗਾਂ, ਮਿਸ਼ਰਾ ਸਿੰਘ, ਬਲਵੀਰ ਚੰਦ ਲੋਂਗੋਵਾਲ, ਦੇਵੀ ਦਿਆਲ, ਬਲਦੇਵ ਸਿੰਘ ਬਡਰੁੱਖਾਂ, ਅਨੁਜ ਕੁਮਾਰ, ਹਰਦੀਪ ਸਿੰਘ, ਭੁਪਿੰਦਰ ਸਿੰਘ ਜੱਸੀ, ਗੁਰਦਿਆਲ ਸਿੰਘ, ਸੁਰਿੰਦਰ ਸਿੰਘ ਸੁਨਾਮ, ਗੁਰਪ੍ਰੀਤ ਕੌਰ, ਰਾਮ ਸਰੂਪ ਢੈਪਈ, ਮਿਸ਼ਰਾ ਸਿੰਘ ਬਮਾਲ, ਅਸ਼ੋਕ ਕੁਮਾਰ, ਪ੍ਰਿਤਪਾਲ ਸਿੰਘ ਤਲਵੰਡੀ, ਜਸਵੀਰ ਕੌਰ ਮੂਨਕ, ਬੱਬਨਪਾਲ ਅਤੇ ਅਵਤਾਰ ਸਿੰਘ ਗੰਢੂਆਂ ਨੇ ਸੰਬੋਧਨ ਕੀਤਾ।
ਮਾਲੇਰਕੋਟਲਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪ੍ਰਦਰਸ਼ਨ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਝਾਂ ਫਰੰਟ ਵੱਲੋਂ ਬਣਾਈ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਡੀ ਸੀ ਦਫ਼ਤਰ ਮਾਲੇਰਕੋਟਲਾ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਰਣਜੀਤ ਸਿੰਘ ਰਾਣਵਾਂ ਅਤੇ ਸਟੇਜ ਸਕੱਤਰ ਗੁਲਜ਼ਾਰ ਖ਼ਾਨ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਤੋਂ ਮੁਨਕਰ ਹੋ ਚੁੱਕੀ ਹੈ। ਆਗੂਆਂ ਨੇ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਕਰਦਿਆਂ ਕਿਹਾ ਕਿ ਪਹਿਲੀ ਜੁਲਾਈ ਤੋਂ 10 ਜੁਲਾਈ ਤੱਕ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਬਾਅਦ 17 ਜੁਲਾਈ ਨੂੰ ਮੁਹਾਲੀ ’ਚ ਰਾਜ ਪੱਧਰੀ ਸਾਂਝੀ ਮਹਾਂ ਰੈਲੀ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਬਨਭੌਰੀ, ਨਿਰਮਲ ਸਿੰਘ ਫਲੌਂਡ, ਗੁਰਧਿਆਨ ਸਿੰਘ ਐਂਪਲਾਈਜ਼ ਫੈਡਰੇਸ਼ਨ ਏਟਕ, ਜਰਨੈਲ ਸਿੰਘ ਪੰਜਗਰਾਈਆਂ ਪ੍ਰਧਾਨ ਪਾਵਰਕੌਮ ਪੈਨਸ਼ਨਰ, ਦੀਦਾਰ ਸਿੰਘ ਪਟਵਾਰ ਯੂਨੀਅਨ, ਪਰਮਜੀਤ ਸਿੰਘ ਜਨਰਲ ਸਕੱਤਰ, ਗੁਰਜੀਤ ਸਿੰਘ, ਮਿਰਜਾ ਸਿੰਘ ਸੱਦੋਪੁਰ, ਰਾਜਵੰਤ ਸਿੰਘ, ਰਾਜ ਸਿੰਘ ਪ੍ਰਧਾਨ, ਬਲਵੀਰ ਸਿੰਘ, ਰਾਜ ਸਿਕੰਦਰ, ਗੁਰਜੀਤ ਸਿੰਘ ਸੋਹੀ, ਮੁਹੰਮਦ ਬਸ਼ੀਰ, ਰਣਦੀਪ ਸਿੰਘ, ਨਰਿੰਦਰ ਕੁਮਾਰ, ਅਮਿਤ ਕੁਮਾਰ ਡੀ ਸੀ ਦਫਤਰ ਯੂਨੀਅਨ ਅਤੇ ਦਿਲਜਾਨ ਅਲੀ ਨੇ ਸੰਬੋਧਨ ਕੀਤਾ।
