ਮੁਲਾਜ਼ਮ ਤੇ ਪੈਨਸ਼ਨਰ ਭੁੱਖ ਹੜਤਾਲ ’ਤੇ ਡਟੇ

ਛੇਵੇਂ ਦਿਨ ਸਫਾਈ ਸੇਵਕ ਯੂਨੀਅਨ ਦੇ ਨੁਮਾਇੰਦੇ ਭੁੱਖ ਹੜਤਾਲ ’ਤੇ ਬੈਠੇ; ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਮੁਲਾਜ਼ਮ ਤੇ ਪੈਨਸ਼ਨਰ ਭੁੱਖ ਹੜਤਾਲ ’ਤੇ ਡਟੇ

ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਮੁਲਾਜ਼ਮ ਤੇ ਪੈਨਸ਼ਨਰ।

ਗੁਰਦੀਪ ਸਿੰਘ ਲਾਲੀ

ਸੰਗਰੂਰ, 23 ਸਤੰਬਰ

ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਅਗਵਾਈ ਹੇਠ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਛੇਵੇਂ ਦਿਨ ਵੀ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ ਅਤੇ ਭੁੱਖ ਹੜਤਾਲੀ ਕੈਂਪ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅੱਜ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਰਾਜ਼ੇਸ ਟੋਨੀ ਚੇਅਰਮੈਨ, ਸੁਰੇਸ਼ ਕੁਮਾਰ ਲਹਿਰਾ, ਸੁਰੇਸ ਚੀਮਾ, ਸੰਜੇ ਕੁਮਾਰ ਧੂਰੀ, ਬਿੱਟੂ ਸਿੰਘ ਭਵਾਨੀਗੜ੍ਹ ਅਤੇ ਜੰਟਾ ਸਿੰਘ ਦਿੜ੍ਹਬਾ ਭੁੱਖ ਹੜਤਾਲ ’ਤੇ ਬੈਠੇ। ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਬਾਲ ਕ੍ਰਿਸ਼ਨ ਚੌਹਾਨ, ਜਗਦੀਸ਼ ਸ਼ਰਮਾ, ਵਾਸਵੀਰ ਸਿੰਘ ਭੁੱਲਰ, ਰਾਜ ਕੁਮਾਰ ਅਰੋੜਾ, ਮੇਲਾ ਸਿੰਘ ਪੁੰਨਾਂਵਾਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਚੁੱਪ ਧਾਰੀ ਬੈਠੀ ਹੈ ਜਿਸ ਕਰਕੇ ਸਰਕਾਰ ਵਿਰੁੱਧ ਰੋਸ ਲਗਾਤਾਰ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਨੂੰ ਅੰਜ਼ਾਮ ਤੱਕ ਲੈ ਕੇ ਜਾਣਗੇ ਅਤੇ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਅਤੇ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਮੁਲਾਜ਼ਮ ਤੇ ਪੈਨਸ਼ਨਰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣਗੇ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਰਾਜਵੀਰ ਸ਼ਰਮਾ ਬਡਰੁੱਖਾਂ, ਨਸੀਬ ਚੰਦ ਸ਼ਰਮਾ, ਮਾਲਵਿੰਦਰ ਸੰਧੂ, ਤਰਸੇਮ ਚੰਦ, ਗੁਰਪ੍ਰੀਤ ਮੰਗਵਾਲ, ਬਲਦੇਵ ਸਿੰਘ ਬਡਰੁੱਖਾਂ, ਕਰਨੈਲ ਸਿੰਘ ਸੇਖੋਂ, ਲਾਭ ਸਿੰਘ, ਓਮ ਪ੍ਰਕਾਸ਼ ਖੀਪਲ, ਸੁਰਿੰਦਰ ਸੋਢੀ, ਜਸਵੀਰ ਸਿੰਘ ਖਾਲਸਾ ਅਤੇ ਅਮਰੀਕ ਸਿੰਘ ਖੇੜੀ ਆਦਿ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All