election controversy: ਨਾਮਜ਼ਦਗੀ ਕਾਗਜ਼ ਰੱਦ ਕਰਨ ਖ਼ਿਲਾਫ਼ ਨਾਅਰੇਬਾਜ਼ੀ
ਸਹਿਕਾਰੀ ਸਭਾ ਕਾਕੜਾ ਦੇ ਮੈਂਬਰਾਂ ਦੀ ਚੋਣ ਦੌਰਾਨ ਮਾਮਲਾ ਭਖਿਆ; ਚੋਣ ਅਧਿਕਾਰੀ ਨੂੰ ਸ਼ਾਮ ਤੱਕ ਦਫਤਰ ’ਚ ਡੱਕ ਕੇ ਕੀਤਾ ਘਿਰਾਓ
ਨੇੜਲੇ ਪਿੰਡ ਕਾਕੜਾ ਅਤੇ ਸੰਗਤਪੁਰਾ ਦੀ ਸਾਂਝੀ ਬਹੁਮੰਤਵੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਦੌਰਾਨ ਅੱਜ 28 ਵਿੱਚੋਂ 19 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਖਿਲਾਫ਼ ਪਿੰਡ ਵਾਸੀਆਂ ਵੱਲੋਂ ਚੋਣ ਅਧਿਕਾਰੀ ਇੰਸਪੈਕਟਰ ਚਿਰਾਗ ਗਰਗ ਨੂੰ ਦਫਤਰ ਵਿੱਚ ਬੰਦ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਸਭਾ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ ਬੰਟੀ ਢਿੱਲੋਂ ਪ੍ਰਿਤਪਾਲ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਪਿੰਡਾਂ ਦੇ ਕੁੱਲ ਮੈਂਬਰਾਂ ਦੀ ਚੋਣ ਲਈ ਅੱਜ ਸਵੇਰੇ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਇਨ੍ਹਾਂ ਕਾਗਜ਼ਾਂ ਦੀ ਪੜਤਾਲ ਮਗਰੋਂ ਸ਼ਾਮ 4 ਵਜੇ ਦੀ ਬਜਾਇ ਚੋਣ ਅਧਿਕਾਰੀ ਵੱਲੋਂ 6 ਵਜੇ ਸੂਚੀ ਜਾਰੀ ਕੀਤੀ ਗਈ। ਇਸ ਵਿੱਚ 19 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਦਲਜੀਤ ਸਿੰਘ, ਅਮਰ ਸਿੰਘ, ਕੰਵਲਜੀਤ ਸਿੰਘ, ਹਰਨੇਕ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਸਾਰੇ ਵਾਸੀ ਕਾਕੜਾ, ਸੁਰਿੰਦਰ ਸਿੰਘ ਤੇ ਰਸ਼ਪਿੰਦਰ ਸਿੰਘ ਵਾਸੀ ਸੰਗਤਪੁਰਾ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ। ਸੂਚੀ ਜਾਰੀ ਹੋਣ ਮਗਰੋਂ ਪਿੰਡ ਵਾਸੀਆਂ ਨੇ ਦਫਤਰ ਵਿੱਚ ਹੀ ਚੋਣ ਅਧਿਕਾਰੀ ਨੂੰ ਬੰਦ ਕਰਕੇ ਨਾਅਰੇਬਾਜ਼ੀ ਕੀਤੀ। ਅਖੀਰ ’ਚ ਪੁਲੀਸ ਫੋਰਸ ਉਕਤ ਅਧਿਕਾਰੀ ਨੂੰ ਦਫਤਰ ਤੋਂ ਬਾਹਰ ਲੈ ਕੇ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਤੇ ਹਲਕਾ ਵਿਧਾਇਕ ਵੱਲੋਂ ਧੱਕੇਸ਼ਾਹੀ ਨਾਲ ਕਾਗਜ਼ ਰੱਦ ਕਰਵਾਏ ਗਏ ਹਨ। ਆਰ ਓ ਇੰਸਪੈਕਟਰ ਚਿਰਾਗ ਗਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਗਈ ਹੈ, ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਉੱਚ ਅਧਿਕਾਰੀਆਂ ਨੂੰ ਦਰਖ਼ਸਤ ਦੇ ਸਕਦਾ ਹੈ।

