ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਜ਼ਿਲ੍ਹਾ ਸੰਗਰੂਰ ਵਿਚ ਇੱਕ ਹੋਰ ਕਰੋਨਾ ਪੀੜ੍ਹਤ ਬਜ਼ੁਰਗ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਮ੍ਰਿਤਕਾ ਮਲੇਰਕੋਟਲਾ ਵੀ ਵਸਨੀਕ ਸੀ। ਜ਼ਿਲ੍ਹੇ ’ਚ 11 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ ਬਲਾਕ ਮੂਨਕ ਦੇ ਚਾਰ ਤੇ ਬਲਾਕ ਮਲੇਰਕੋਟਲਾ, ਸੁਨਾਮ ਤੇ ਲੌਂਗੋਵਾਲ ਦੇ ਦੋ-ਦੋ ਕੇਸ ਜਦੋਂਕਿ ਇੱਕ ਸੰਗਰੂਰ ਨਾਲ ਸਬੰਧਤ ਹੈ। ਜ਼ਿਲ੍ਹੇ ’ਚ ਹੁਣ ਕਰੋਨਾ ਪੀੜਤ ਐਕਟਿਵ ਮਰੀਜ਼ਾਂ ਦੀ ਗਿਣਤੀ 113 ਹੈ ਜਿਨ੍ਹਾਂ ’ਚੋਂ 4 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ 8 ਕਰੋਨਾ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਮਲੇਰਕੋਟਲਾ ਦੀ ਵਸਨੀਕ 90 ਸਾਲਾ ਬਜ਼ੁਰਗ ਮਹਿਲਾ ਸਰੀਫ਼ਾਂ ਬੀਤੀ 2 ਜੁਲਾਈ ਤੋਂ ਬਿਮਾਰ ਸੀ ਜਿਸਨੂੰ ਡੀਐੱਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਇਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਅੱਜ ਇਸ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ 19 ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚੋਂ 14 ਮੌਤਾਂ ਇਕੱਲੇ ਮਲੇਰਕੋਟਲਾ ਬਲਾਕ ਨਾਲ ਸਬੰਧਤ ਹਨ। ਜ਼ਿਲ੍ਹੇ ’ਚ 11 ਹੋਰ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਬਲਾਕ ਮੂਨਕ ਦੇ ਚਾਰ ਮਰੀਜ਼ ਤੇ ਬਲਾਕ ਮਲੇਰਕੋਟਲਾ, ਸੁਨਾਮ ਤੇ ਲੌਂਗੋਵਾਲ ਦੇ ਦੋ-ਦੋ ਮਰੀਜ਼ ਜਦੋਂਕਿ ਇੱਕ ਮਰੀਜ਼ ਸੰਗਰੂਰ ਨਾਲ ਸਬੰਧਤ ਹਨ। ਅੱਠ ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤਣ ਮਗਰੋਂ ਕੋਵਿਡ ਕੇਅਰ ਸੈਂਟਰ ਤੋਂ ਘਰਾਂ ਨੂੰ ਪਰਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 18315 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ 17123 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।
ਸੀਨੀਅਰ ਡਿਪਟੀ ਮੇਅਰ ਯੋਗੀ ਸਣੇ 22 ਪਾਜ਼ੇਟਿਵ ਆਏ
ਪਟਿਆਲਾਅ (ਸਰਬਜੀਤ ਸਿੰਘ ਭੰਗੂ) ਜ਼ਿਲ੍ਹੇ ਵਿੱਚ ਅੱਜ 22 ਹੋਰ ਕੋਵਿਡ ਪਾਜੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਪਾਜ਼ੇਟਿਵ ਪਾਏ ਗਏ ਇਨ੍ਹਾਂ ਮਰੀਜ਼ਾਂ ਵਿੱਚੋਂ ਦਸ ਪਟਿਆਲਾ ਸ਼ਹਿਰ ਨਾਲ ਸਬੰਧਿਤ ਹਨ। ਜਿਨ੍ਹਾਂ ’ਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸ ਆਗੂ ਯੋਗਿੰਦਰ ਸਿੰਘ ਯੋਗੀ ਵੀ ਸ਼ਾਮਲ ਹਨ। ਪਟਿਆਲਾ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ। ਜਿਨ੍ਹਾਂ ਵਿੱਚੋਂ 239 ਠੀਕ ਹੋ ਚੁੱਕੇ ਹਨ ਤੇ 12 ਦੀ ਮੌਤ ਹੋ ਚੁੱਕੀ ਹੈ। ਸੱਜਰੇ ਪਾਜ਼ੇਟਿਵ ਆਏ ਕੇਸਾਂ ’ਚੋਂ ਪਟਿਆਲਾ ਦੇ ਅਨੰਦ ਨਗਰ ਏ ਤੋਂ ਪੰਜ, ਅਰਬਨ ਅਸਟੇਟ, ਭਾਦਸੋਂ ਰੋਡ,ਖਾਲਸਾ ਮੁਹੱਲਾ, ਮੇਨ ਬਜਾਰ ਤ੍ਰਿਪੜੀ ਤੇ ਲਹਿਲ ਕਲੋਨੀ ਪਟਿਆਲਾ ਤੋ ਇੱਕ ਇੱੱਕ ਮਰੀਜ਼ ਹੈ। 9 ਸਮਾਣਾ ਤੇ ਇੱਕ ਇੱਕ ਨਾਭਾ, ਰਾਜਪੁਰਾ, ਘਨੌਰ ਦੇ ਪਿੰਡ ਨਾਲ ਸਬੰਧਤ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਅੱਜ 418 ਹੋਰ ਸੈਂਪਲ ਲਏ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚੋਂ ਲਏ ਗਏ 29499 ਸੈਂਪਲਾਂ ਵਿੱਚੋਂ ਜ਼ਿਲ੍ਹੇ ਦੇ 575 ਕੋਵਿਡ ਪਾਜੇਟਿਵ, 27715 ਨੈਗਟਿਵ ਤੇ 1144 ਦੀ ਰਿਪੋਰਟ ਆਉਣੀ ਬਾਕੀ ਹੈ। 12 ਦੀ ਮੌਤ ਹੋ ਚੁੱਕੀ ਹੈ 239 ਕੇਸ ਠੀਕ ਹੋ ਚੁੱਕੇ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 324 ਹੈ। ਪਾਜ਼ੇਟਿਵ ਕੇਸਾਂ ’ਚੋਂ 69 ਰਾਜਿੰਦਰਾ ਹਸਪਤਾਲ ,113 ਕੋਵਿਡ ਕੇਅਰ ਸੈਂਟਰ, 133 ਮਰੀਜ਼ ਹੋਮ ਆਈਸੋਲੇਸ਼ਨ ਤੇ 9 ਮਰੀਜ਼ ਚੰਡੀਗੜ੍ਹ, ਮੁਹਾਲੀ ਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਦਾਖਲ ਹਨ।
ਮੋਟਰਸਾਈਕਲ ਸਵਾਰ ਦੀ ਮੌਤ
ਭਵਾਨੀਗੜ੍ਹ (ਪੱਤਰ ਪ੍ਰੇਰਕ) ਪਿੰਡ ਘਰਾਚੋਂ ਵਿੱਚ ਸੁਨਾਮ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਸਤਗੁਰ ਸਿੰਘ ਉਰਫ਼ ਗੋਰਾ ਵਾਸੀ ਘਰਾਚੋਂ ਦੀ ਮੌਤ ਹੋ ਗਈ। ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਸਦਾ ਭਰਾ ਸਤਗੁਰ ਸਿੰਘ ਉਰਫ ਗੋਰਾ (35) ਮੋਟਰਸਾਈਕਲ ’ਤੇ ਪਿੰਡ ਵਿੱਚ ਕਿਸੇ ਕੰਮ ਗਿਆ ਸੀ ਕਿ ਮੁੱਖ ਮਾਰਗ ’ਤੇ ਡੇਰਾ ਬਾਬਾ ਟਿੱਲਾ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਉਸਦੇ ਭਰਾ ਸਤਗੁਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਦੇ ਪੋਸਟਮਾਰਟਮ ਮਗਰੋਂ ਪਰਿਵਾਰ ਨੇ ਅੱਜ ਸਸਕਾਰ ਕਰ ਦਿੱਤਾ।