ਭੁਨਰਹੇੜੀ ਵਿੱਚ ‘ਆਪ’ ਦੇ ਅੱਠ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ 14 ਦਸੰਬਰ ਨੂੰ ਹੋਣ ਵਾਲ਼ੀਆਂ ਚੋਣਾਂ ਸਬੰਧੀ ਆਈਆਂ ਨਾਮਜ਼ਦਗੀਆਂ ਦੀ ਪੜਤਾਲ਼ ਅਤੇ ਕਾਗਜ਼ ਵਾਪਸੀ ਮਗਰੋਂ ਉਮੀਦਵਾਰਾਂ ਬਾਰੇ ਸਥਿਤੀ ਸਪੱਸ਼ਟ ਹੋ ਗਈ ਹੈ। ਇਸ ਦੌਰਾਨ ਵਿਧਾਨ ਸਭਾ ਹਲਕਾ ਸਨੌਰ ’ਚ ਪੈਂਦੀ ‘ਪੰਚਾਇਤ ਸਮਿਤੀ ਭੁਨਰਹੇੜੀ’ ਵਿੱਚ ਸੱਤਾਧਾਰੀ ਧਿਰ ‘ਆਮ ਆਦਮੀ ਪਾਰਟੀ’ ਦੇ 8 ਉਮੀਦਵਾਰ ਬਗ਼ੈਰ ਮੁਕਾਬਲਾ ਜਿੱਤ ਗਏ ਹਨ। ਇਨ੍ਹਾਂ ਚੋਣ ਜਿੱਤਣ ਵਾਲ਼ੇ ਉਮੀਦਵਾਰਾਂ ਦੀ ਜਿੱਤ ਸਬੰਧੀ ਰਸਮੀ ਐਲਾਨ 17 ਦਸੰਬਰ ਨੂੰ ਬਾਕੀ ਨਤੀਜਿਆਂ ਦੇ ਨਾਲ ਹੀ ਕੀਤਾ ਜਾਵੇਗਾ। ਬਗ਼ੈਰ ਮੁਕਾਬਲਾ ਜਿੱਤਣ ਵਾਲ਼ਿਆਂ ਵਿਚ ਸਨੌਰ ਤੋਂ ‘ਆਪ’ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਪਿੰਡ ਹਡਾਣਾ ’ਤੇ ਆਧਾਰਿਤ ਜ਼ੋਨ ਹਡਾਣਾ ਤੋਂ ਸਿਮਰਨਜੀਤ ਸਿੰਘ ਹਡਾਣਾ, ਭੁਨਰਹੇੜੀ ਜ਼ੋਨ ਤੋਂ ਅਮਨਦੀਪ ਕੌਰ ਭੁਨਰਹੇੜੀ, ਭਾਂਖਰ ਜ਼ੋਨ ਤੋਂ ਤੇਜਿੰਦਰ ਸਿੰਘ ਗਗਰੌਲਾ, ਬਹਿਰੂ ਤੋਂ ਰਾਜਿੰਦਰ ਕੌਰ ਸੁੰਦਰਸਿੰਘਵਾਲਾ, ਤਾਜਲਪੁਰ ਤੋਂ ਰਾਮ ਸਿੰਘ ਜਲਬੇੜਾ, ਰੋਸ਼ਨਪੁਰ ਜ਼ੋਨ ਤੋਂ ਮਨਜੀਤ ਕੌਰ ਰੱਤਾਖੇੜਾ ਅਤੇ ਬਰਕਤਪੁਰ ਤੋਂ ਸਿਮਰਜੀਤ ਸਿੰਘ ਬਰਕਤਪੁਰ ਸਮੇਤ ਨੈਣਕਲਾਂ ਜੋਨ ਤੋਂ ਚਰਨਜੀਤ ਸਿੰਘ ਨੈਣਕਲਾਂ ਦੇ ਨਾਮ ਸ਼ਾਮਲ ਹਨ। ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਇੰਚਾਰਜ ਤੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਸਮੇਤ ਬਾਦਲ ਦੇ ਆਗੂ ਰਾਜਿੰਦਰ ਵਿਰਕ ਤੇ ਕ੍ਰਿਸ਼ਨ ਸਨੌਰ ਸਮੇਤ ਹੋਰਨਾਂ ਨੇ ਆਪ ’ਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਨਾ ਭਰਨ ਦੇਣ ਸਮੇਤ ਉਨ੍ਹਾਂ ਦੀਆਂ ਫਾਈਲਾਂ ਖੋਹਣ ਅਤੇ ਪਾੜਨ ਦੇ ਦੋਸ਼ ਲਾਏ ਹਨ। ਜਦਕਿ ‘ਆਪ’ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ‘ਆਪ’ ਦੇ ਲੋਕ ਸਭਾ ਹਲਕਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਤੇ ਸੂਬਾਈ ਆਗੂ ਇੰਦਰਜੀਤ ਸਿੰਘ ਸੰਧੂ ਨੇ ਵਿਰੋਧੀ ਧਿਰਾਂ ਦੇ ਇਨ੍ਹਾਂ ਆਗੂਆਂ ਵੱਲੋਂ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ।
ਸਮਾਣਾ (ਪੱਤਰ ਪ੍ਰੇਰਕ): ਬਲਾਕ ਸਮਿਤੀ ਸਮਾਣਾ ਦੇ 15 ਜ਼ੋਨਾਂ ਲਈ 75 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ ਜਿਨ੍ਹਾਂ ਵਿੱਚੋਂ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਸੱਤ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। 16 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। 14 ਦਸੰਬਰ ਨੂੰ ਸਮਾਣਾ ਬਲਾਕ ਸਮਿਤੀ ਦੇ 15 ਜ਼ੋਨਾਂ ਲਈ 52 ਉਮੀਦਵਾਰ ਮੈਦਾਨ ਵਿੱਚ ਰਹਿ ਗਏ।
