30 ਘੰਟਿਆਂ ਤੋਂ ਵਾਟਰ ਵਰਕਸ ’ਤੇ ਚੜ੍ਹੀਆਂ ਔਰਤਾਂ ਨੂੰ ਹੇਠਾਂ ਲਾਹੁਣ ਦੀਆਂ ਕੋਸ਼ਿਸ਼ਾਂ ਜਾਰੀ

30 ਘੰਟਿਆਂ ਤੋਂ ਵਾਟਰ ਵਰਕਸ ’ਤੇ ਚੜ੍ਹੀਆਂ ਔਰਤਾਂ ਨੂੰ ਹੇਠਾਂ ਲਾਹੁਣ ਦੀਆਂ ਕੋਸ਼ਿਸ਼ਾਂ ਜਾਰੀ

ਦੋਹਾਂ ਧਿਰਾਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀ।

ਬੀਰਬਲ ਰਿਸ਼ੀ
ਸ਼ੇਰਪੁਰ, 21 ਅਕਤੂਬਰ

ਸ਼ੇਰਪੁਰ ਨੇੜਲੇ ਪਿੰਡ ਭਗਵਾਨਪੁਰਾ ਵਿੱਚ ਰਿਕਾਰਡ ’ਚ ਹੱਡਾਰੋੜੀ ਲਈ ਕੱਟੀ ਗਈ ਜਗ੍ਹਾ ’ਚ ਬਣਾਏ ਗਏ ਧਾਰਮਿਕ ਸਥਾਨ ਦੀ ਜਗ੍ਹਾ ਬਦਲਣ ਦੀ ਤਜਵੀਜ਼ ਖ਼ਿਲਾਫ਼ ਦਲਿਤ ਪਰਿਵਾਰ ਦੀਆਂ ਚਾਰ ਔਰਤਾਂ ਕਰਮਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ ਅਤੇ ਮਨਜੀਤ ਕੌਰ ਇਨਸਾਫ਼ ਪ੍ਰਾਪਤੀ ਲਈ ਬੀਤੀ ਕੱਲ੍ਹ ਪਿੰਡ ਦੇ ਹੀ ਵਾਟਰ ਵਰਕਸ ’ਤੇ ਜਾ ਚੜ੍ਹੀਆਂ ਸਨ। ਇਸ ਮਸਲੇ ਨੂੰ ਨਿਬੇੜਨ ਲਈ ਅੱਜ ਦੂਜੇ ਦਿਨ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਖ਼ਬਰ ਲਿਖੇ ਜਾਣ ਤੱਕ ਜਾਰੀ ਸਨ।

ਯਾਦ ਰਹੇ ਕਿ ਬੀਤੇ ਦਿਨੀਂ ਪੰਚਾਇਤ ਨੇ ਗੈਰ-ਮੁਮਕਿਨ ਹੱਡਾਰੋੜੀ ਲਈ ਕੱਟੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਉਂਦਿਆਂ ਸਟੇਟਸ-ਕੋਅ ਦੇ ਆਰਡਰ ਪ੍ਰਾਪਤ ਕੀਤੇ ਗਏ ਸਨ ਜਿਸ ਤੋਂ ਖ਼ਫ਼ਾ ਹੋ ਕੇ ਦਲਿਤ ਭਾਈਚਾਰੇ ਦੀਆਂ ਉਕਤ ਔਰਤਾਂ ਬੀਤੀ ਕੱਲ੍ਹ ਵਾਟਰ ਵਰਕਸ ’ਤੇ ਚੜ੍ਹ ਗਈਆਂ ਸਨ। ਉਨ੍ਹਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਜਿੱਥੇ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ ਉਸੇ ਥਾਂ ’ਤੇ ਗੁਰੂ ਰਵਿਦਾਸ ਦੇ ਨਾਮ ’ਤੇ ਗੁਰਦੁਆਰਾ ਬਣਾਉਣ ਦੀ ਪ੍ਰਸ਼ਾਸਨਿਕ ਮਨਜ਼ੂਰੀ ਮਿਲਣ ਮਗਰੋਂ ਹੀ ਉਹ ਹੇਠਾਂ ਉਤਰਨਗੀਆਂ।

ਕੱਲ੍ਹ ਦੇਰ ਰਾਤ ਤੱਕ ਉਕਤ ਬੀਬੀਆਂ ਨੂੰ ਪਿੰਡ ਦੇ ਵਾਟਰ ਵਰਕਸ ਤੋਂ ਹੇਠਾਂ ਉਤਾਰਨ ਲਈ ਐੱਸਡੀਐੱਮ ਲਤੀਫ਼ ਅਹਿਮਦ, ਬੀਡੀਪੀਓ ਜੁਗਰਾਜ ਸਿੰਘ ਅਤੇ ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਆਦਿ ਬਹੁਤ ਕੋਸ਼ਿਸ਼ਾਂ ਕਰਦੇ ਰਹੇ ਪਰ ਸੰਘਰਸ਼ਸ਼ੀਲ ਬੀਬੀਆਂ ਆਪਣੀ ਕਹੀ ਗੱਲ ’ਤੇ ਬਜ਼ਿੱਦ ਰਹੀਆਂ ਜਿਸ ਕਰਕੇ ਗੱਲਬਾਤ ਸਿਰੇ ਨਾ ਚੜ੍ਹੀ। ਅੱਜ ਦੂਜੇ ਦਿਨ ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਤੇ ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਮੁੜ ਪਿੰਡ ਭਗਵਾਨਪੁਰਾ ਪਹੁੰਚੇ। ਪਿੰਡ ਦੀਆਂ ਦੋਵੇਂ ਧਿਰਾਂ ਨਾਲ ਦੁਪਹਿਰ ਤੋਂ ਦੇਰ ਸ਼ਾਮ ਤੱਕ ਗੱਲਬਾਤ ਜਾਰੀ ਸੀ ਪਰ ਮਸਲਾ ਹਾਲੇ ਕਿਸੇ ਤਣ-ਪੱਤਣ ਨਹੀਂ ਲੱਗਿਆ ਸੀ। ਇੱਕ ਧਿਰ ਦੇ ਇੰਦਰਜੀਤ ਸਿੰਘ ਨੇ ਸੰਪਰਕ ਕਰਨ ’ਤੇ ਮੀਟਿੰਗ ਵਿੱਚ ਹੋਣ ਕਰਕੇ ਗੱਲ ਕਰਨ ਤੋਂ ਅਸਮਰੱਥਾ ਜਤਾਈ। ਬੀਡੀਪੀਓ ਜੁਗਰਾਜ ਸਿੰਘ ਨੇ ਵੀ ਇਹੀ ਕਿਹਾ ਕਿ ਉਹ ਮੀਟਿੰਗ ਵਿੱਚ ਬੈਠੇ ਹਨ। ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਨਿਬੇੜਨ ਲਈ ਕਈ ਘੰਟਿਆਂ ਤੋਂ ਚੱਲ ਰਹੀ ਗੱਲਬਾਤ ਹਾਲੇ ਜਾਰੀ ਹੈ, ਉਂਜ ਮਾਮਲਾ ਨਿਪਟਣ ਦੇ ਆਸਾਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All