ਬੀਰਬਲ ਰਿਸ਼ੀ
ਸ਼ੇਰਪੁਰ, 24 ਸਤੰਬਰ
ਪਿੰਡ ਈਨਾਬਾਜਵਾ ਦੇ ਸਰਕਾਰੀ ਹਾਈ ਸਕੂਲ ’ਚ ਚਾਰਦਵਾਰੀ ਨੂੰ ਲੈ ਕੇ ਰੱਖੀ ਗਈ ਮੀਟਿੰਗ ਦੌਰਾਨ ਪਿੰਡ ਦੀ ਮਹਿਲਾ ਪੰਚ, ਉਸ ਦੇ ਪਤੀ ਤੇ ਪਿੰਡ ਦੀ ਸਰਪੰਚ ਬੀਬੀ ਦੇ ਪਤੀ ਕੁਲਦੀਪ ਸਿੰਘ ਕੀਪਾ ਦਰਮਿਆਨ ਮਾਮੂਲੀ ਤਕਰਾਰ ਹੋ ਗਈ ਜੋ ਹੱਥੋਪਾਈ ਤੱਕ ਪੁੱਜੀ। ਮੌਕੇ ’ਤੇ ਪਹੁੰਚੀ ਪੁਲੀਸ ਨੇ ਸਰਪੰਚ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਥਾਣੇ ਲਿਜਾ ਕੇ ਤਫ਼ਤੀਸ਼ ਕੀਤੀ। ਪੁਲੀਸ ਨੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਮਹਿਲਾ ਪੰਚ ਦੇ ਬਿਆਨਾਂ ’ਤੇ ਪਰਚ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪੁਲੀਸ ਵੱਲੋਂ ਦਰਜ ਐਫਆਈਆਰ ਅਨੁਸਾਰ ਪਿੰਡ ਦੇ ਪੰਜ ਨੰਬਰ ਵਾਰਡ ਤੋਂ ਮਹਿਲਾ ਪੰਚ ਨੇ ਦੱਸਿਆ ਕਿ ਅੱਜ ਸਰਕਾਰੀ ਹਾਈ ਸਕੂਲ ’ਚ ਚਾਰਦਵਾਰੀ ਸਬੰਧੀ ਮੀਟਿੰਗ ਸੀ ਜਿਸ ਵਿੱਚ ਬਤੌਰ ਪੰਚ ਤੇ ਐਸਐਮਸੀ ਕਮੇਟੀ ਮੈਂਬਰ ਉਸ ਨੇ ਆਪਣੇ ਥਾਂ ਆਪਣੇ ਪਤੀ ਕੁਲਵਿੰਦਰ ਸਿੰਘ ਨੂੰ ਭੇਜਿਆ ਸੀ। ਉਸ ਨੂੰ ਉਸ ਦੇ ਪਤੀ ਕੁਲਵਿੰਦਰ ਸਿੰਘ ਨੇ ਫੋਨ ’ਤੇ ਸਰਪੰਚਣੀ ਦੇ ਪਤੀ ਨਾਲ ਲੜਾਈ ਬਾਰੇ ਦੱਸਿਆ। ਜਦੋਂ ਉਸ ਨੇ ਖੁਦ ਸਕੂਲ ਵਿੱਚ ਪਹੁੰਚ ਕੇ ਸਰਪੰਚਣੀ ਦੇ ਪਤੀ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਗਾਲੀ ਗਲੋਚ ਕਰਦਿਆਂ ਉਨ੍ਹਾਂ ਦੋਹਾਂ (ਪਤੀ-ਪਤਨੀ) ਨਾਲ ਧੱਕਾ ਮੁੱਕੀ ਤੇ ਖਿੱਚ-ਧੂਹ ਕਰਦਿਆਂ ਉਸਦੇ ਕੱਪੜੇ ਪਾੜ ਸੁੱਟੇ। ਇਸ ਮਗਰੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐੱਚਐੱਚਓ ਸ਼ੇਰਪੁਰ ਅਵਤਾਰ ਸਿੰਘ ਧਾਲੀਵਾਲ ਨੇ ਉਕਤ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮਹਿਲਾ ਪੰਚ ਦੇ ਬਿਆਨਾਂ ਦੇ ਆਧਾਰ ’ਤੇ ਕੁਲਦੀਪ ਸਿੰਘ ਈਨਾਬਾਜਵਾ ‘ਤੇ ਧਾਰਾ 354, 354-ਬੀ, 323, 506, 120-ਬੀ ਤਹਿਤ ਪਰਚਾ ਦਰਜ ਕਰ ਲਿਆ ਹੈ। ਪਤਾ ਲੱਗਿਆ ਹੈ ਕੁਲਦੀਪ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੰਚ ਦਾ ਬਿਆਨ ਤੇ ਪੁਲੀਸ ਪਰਚਾ ਝੂਠ ਦਾ ਪੁਲੰਦਾ: ਸਰਪੰਚ ਮਨਪ੍ਰੀਤ ਕੌਰ
ਸਰਪੰਚ ਬੀਬੀ ਮਨਪ੍ਰੀਤ ਕੌਰ ਈਨਾਬਾਜਵਾ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਦੀ ਕੁਲਵਿੰਦਰ ਸਿੰਘ ਨਾਲ ਹੋਈ ਤਕਰਾਰ ਮਗਰੋਂ ਸਕੂਲ ਸਟਾਫ਼ ਨੇ ਸੰਭਾਵੀ ਲੜਾਈ ਦੇ ਮੱਦੇਨਜ਼ਰ ਉਸਦੇ ਪਤੀ ਨੂੰ ਕਮਰੇ ’ਚ ਬੰਦ ਕੀਤਾ ਸੀ। ਅੰਦਰੋਂ ਉਸ ਦੇ ਪਤੀ ਕੁਲਦੀਪ ਸਿੰਘ ਨੇ ਹੀ ਪੁਲੀਸ ਨੂੰ ਫੋਨ ਕੀਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲੀਸ ਨੇ ਪਹੁੰਚ ਕੇ ਉਸਦੇ ਪਤੀ ਨੂੰ ਸਕੂਲ ਦੇ ਕਮਰਿਆਂ ਵਿੱਚੋਂ ਕੱਢਿਆ ਤਾਂ ਪੁਲੀਸ ਦੀ ਮੌਜੂਦਗੀ ’ਚ ਦੂਜੀ ਧਿਰ ਨੇ ਉਸ ਦੇ ਪਤੀ ਦੀ ਦਾਹੜੀ ਪੁੱਟੀ ਜਿਸ ’ਤੇ ਸਿਰਫ਼ ਕੁਲਦੀਪ ਸਿੰਘ ਨੇ ਆਪਣਾ ਬਚਾਅ ਕੀਤਾ। ਉਨ੍ਹਾਂ ਮਹਿਲਾ ਪੰਚ ਦਾ ਕੱਪੜੇ ਪਾੜਨ ਸਬੰਧੀ ਬਿਆਨ ਤੇ ਪੁਲੀਸ ਪਰਚੇ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਹੁਕਮਰਾਨ ਧਿਰ ’ਤੇ ਧੱਕਾ ਕਰਨ ਦਾ ਦੋਸ਼ ਲਾਇਆ।