ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਸਬੇ ’ਚ ‘ਨਸ਼ਾ ਮੁਕਤ ਪਿੰਡ ਸ਼ੇਰਪੁਰ’ ਦੀਆਂ ਫਲੈਕਸ ਲੱਗੀਆਂ

22 ਮਹੀਨਿਆਂ ਤੋਂ ਚੱਲ ਰਹੇ ਪੱਕੇ ਨਾਕੇ ਜਾਰੀ ਰੱਖਣ ਦਾ ਅਹਿਦ
ਸੜਕ ’ਤੇ ਲੱਗਿਆ ‘ਨਸ਼ਾ ਮੁਕਤ ਪਿੰਡ ਸ਼ੇਰਪੁਰ’ ਦਾ ਪੋਸਟਰ।
Advertisement
ਬੀਰਬਲ ਰਿਸ਼ੀ

ਸ਼ੇਰਪੁਰ, 13 ਜੂਨ

Advertisement

ਕਸਬੇ ਵਿੱਚ ‘ਨਸ਼ਾ ਮੁਕਤ ਪਿੰਡ ਸ਼ੇਰਪੁਰ’ ਦੀਆਂ ਲੱਗੀਆਂ ਫਲੈਕਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਵਿੱਚ ਸਪੱਸ਼ਟ ਤੌਰ ’ਤੇ ਪਾਬੰਦੀਸ਼ੁਦਾ ਨਸ਼ਿਆਂ ਨੂੰ ਵੇਚਣ ਤੇ ਖਰੀਦਣ ਵਾਲਿਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ੇਰਪੁਰ ਵਿੱਚ ਚਿੱਟੇ ਦੇ ਕਾਲੇ ਕਾਰੋਬਾਰ ਦੇ ਪੈਰ ਪਸਾਰਨ ਮਗਰੋਂ ਪਿਛਲੇ ਤਕਰੀਬਨ 22 ਮਹੀਨਿਆਂ ਤੋਂ ਨ਼ਸ਼ਾ ਰੋਕੂ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੇ ਜੁੜੇ ਨੌਜਵਾਨਾਂ ਦੀ ਟੀਮ ਨੇ ਨਸ਼ਿਆਂ ਵਿਰੁੱਧ ਦਿੱਲੀ ਸੰਘਰਸ਼ ਦੀ ਤਰਜ਼ ‘ਤੇ ਬਕਾਇਦਾ ਟਰਾਲੀਆਂ ਲਗਾਕੇ ਸ਼ੇਰਪੁਰ ’ਚ ਪੱਕੇ ਨਾਕੇ ਸ਼ੁਰੂ ਕੀਤੇ ਹੋਏ ਹਨ ਜੋ ਹੁਣ ਵੀ ਬਾ-ਦਸ਼ਤੂਰ ਜਾਰੀ ਹਨ।

ਨਸ਼ਾ ਰੋਕੂ ਕਮੇਟੀ ਦੀ ਮੋਹਰੀ ਟੀਮ ਵਿੱਚ ਸ਼ਾਮਲ ਬਲਵਿੰਦਰ ਸਿੰਘ ਬਿੰਦਾ ਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਨੇ ਦੱਸਿਆ ਕਿ ਇਸ ਲੰਬੇ ਕਾਰਜਕਾਲ ਦੌਰਾਨ ਉਨ੍ਹਾਂ ਅਨੇਕਾ ਨੌਜਵਾਨਾਂ ਨੂੰ ਸਿੱਧੇ ਰਾਹ ’ਤੇ ਲਿਆਂਦਾ, ਨਸ਼ਾ ਛੁਡਾਉ ਕੇਂਦਰਾਂ ’ਚ ਭੇਜਿਆ, ਬਹੁਤਿਆਂ ਦੇ ਖੂਨ ਦੇ ਨਮੂਨੇ ਲੈ ਕੇ ਉਨ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੀ ਸ਼ਨਾਖ਼ਤ ਮਗਰੋਂ ਇਲਾਜ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਨਸ਼ਿਆਂ ਦੇ ਕਾਰੋਬਾਰੀਆਂ ’ਤੇ ਬਾਜ਼ ਅੱਖ ਰੱਖਣ ਲਈ ਉਨ੍ਹਾਂ ਦੇ ਘਰਾਂ ਦੀ ਲਗਾਤਾਰ ਨਿਗਰਾਨੀ ਕਰਦਿਆਂ ਕਈਆਂ ਨੂੰ ਰਾਹ ’ਤੇ ਲਿਆਂਦਾ। ਕਈਆਂ ਨੇ ਆਪਣੇ ਟਿਕਾਣੇ ਬਦਲ ਲਏ ਪਰ ਇੱਕ-ਦੁੱਕਾ ਜਿਹੜੇ ਲੁਕ-ਛਿਪ ਕੇ ਹਾਲੇ ਵੀ ਖੇਤ ਬੰਨ੍ਹਿਆਂ ਵੱਲ ਨਸ਼ਿਆਂ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਬਾਜ਼ ਆਉਣ ਲਈ ਕਿਹਾ ਹੈ।

ਉਨ੍ਹਾਂ ਪਿੰਡਾਂ ‘ਚ ਨਸ਼ਿਆਂ ਨਾਲ ਲੋਕਾਂ ਦੇ ਘਰਾਂ ਵਿੱਚ ਵਿਛ ਰਹੇ ਸੱਥਰਾਂ ਨੂੰ ਰੋਕਣ ਲਈ ਪਿੰਡਾਂ ’ਚ ਜਾ ਕੇ ਚੇਤਨਾ ਮਾਰਚ ਕਰਨ, ਸਕੂਲਾਂ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਣ ਲਈ ਕੀਤੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਸ਼ੇਰਪੁਰ ਵਿੱਚ 95 ਫੀਸਦੀ ਨਸ਼ਾ ਵਿਕਣੋ ਹਟਾਇਆ ਹੈ ਅਤੇ ਹੁਣ ਨਸ਼ਾ ਮੁਕਤ ਸ਼ੇਰਪੁਰ ਦੀਆਂ ਫਲੈਕਸੀਆਂ ਨਸ਼ਿਆਂ ਵਿਰੁੱਧ ਛੇੜੀ ਜੰਗ ’ਤੇ ਸ਼ਾਨਾਮੱਤੀ ਜਿੱਤ ਦਾ ਪ੍ਰਤੀਕ ਹਨ। ਆਗੂਆਂ ਨੇ ਕਿਹਾ ਕਿ ਇਸ ਕਾਰਵਾਈ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਐੱਸਐੱਸਪੀ ਸਿਰਤਾਜ ਸਿੰਘ ਚਾਹਲ ਦੀ ਨੌਜਵਾਨਾਂ ਪ੍ਰਤੀ ਉਤਸ਼ਾਹੀ ਭੂਮਿਕਾ ਨੂੰ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਸ਼ੇ ਰੋਕਣ ਲਈ 22 ਮਹੀਨਿਆਂ ਤੋਂ ਚੱਲ ਰਹੇ ਪੱਕੇ ਨਾਕੇ ਜ਼ਾਰੀ ਰੱਖਣ ਦਾ ਨੌਜਵਾਨਾਂ ਵੱਲੋਂ ਅਹਿਦ ਲੈਣ ਦਾ ਵੀ ਖੁਲਾਸਾ ਕੀਤਾ।

 

Advertisement