DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nasha Mukt Punjab Yatra ਦਾ ਸਫ਼ਰ ਚਾਰ ਹਜ਼ਾਰ ਕਿਲੋਮੀਟਰ ਪਾਰ: ਪਰਨੀਤ

ਸਨੌਰ ਵਿੱਚ ਯਾਤਰਾ ਦਾ ਸਵਾਗਤ; ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਾਂਝੀ ਜ਼ਿੰਮੇਵਾਰੀ: ਚਾਹਲ

  • fb
  • twitter
  • whatsapp
  • whatsapp
featured-img featured-img
ਮੰਚ ’ਤੇ ਮੌਜੂਦ ਭਾਜਪਾ ਆਗੂ ਪਰਨੀਤ ਕੌਰ ਅਤੇ ਬਿਕਰਮਜੀਤ ਇੰਦਰ ਸਿੰਘ ਚਾਹਲ। -ਫੋਟੋ: ਰਾਜੇਸ਼ ਸੱਚਰ
Advertisement

ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਹਲਕਾ ਸਨੌਰ ਦੇ ਦੂਧਨਸਾਧਾਂ ਨੇੜੇ ਦੇਵੀਗੜ੍ਹ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਨੌਰ ਹਲਕੇ ਦੇ ਵੱਖ-ਵੱਖ ਮੰਡਲਾਂ ਤੋਂ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਪੰਜਾਬ ਵਿੱਚ ਚਾਰ ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੀ ਹੈ। ਉਨ੍ਹਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਬਿਕਰਮਜੀਤ ਇੰਦਰ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਨੌਰ ਦੀ ਧਰਤੀ ’ਤੇ ਇਸ ਯਾਤਰਾ ਦਾ ਸਵਾਗਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਯੋਧਿਆਂ ਅਤੇ ਮਿਹਨਤੀ ਕਿਸਾਨਾਂ ਦੀ ਧਰਤੀ ਹੈ। ਪੰਜਾਬ ਦੀ ਬਹਾਦਰੀ ਅਤੇ ਚੜ੍ਹਦੀ ਕਲਾ ਵਾਲੀ ਪਛਾਣ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਨਸ਼ਿਆਂ ਵਿਰੁੱਧ ਸੰਦੇਸ਼ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿੱਖਿਆ, ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੀ ਲੋੜ ਹੈ। ਚਾਹਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਯਤਨ ਸਿਰਫ਼ ਸਪਲਾਈ ਰੋਕਣ ਤੱਕ ਸੀਮਤ ਨਹੀਂ ਹੋਣੇ ਚਾਹੀਦੇ, ਸਗੋਂ ਪੀੜਤਾਂ ਲਈ ਬਿਹਤਰ ਇਲਾਜ, ਮੁੜ-ਵਸੇਬਾ ਅਤੇ ਨੌਜਵਾਨਾਂ ਲਈ ਹੁਨਰ ਵਿਕਾਸ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਵੀ ਜ਼ਰੂਰੀ ਹਨ। ਸਮਾਗਮ ਵਿੱਚ ਸੁਰੇਸ਼ ਕਸ਼ਯਪ (ਮੈਂਬਰ ਰਾਜ ਸਭਾ), ਸਤਨਾਮ ਸਿੰਘ ਸੰਧੂ (ਮੈਂਬਰ ਰਾਜ ਸਭਾ), ਅਨਿਲ ਸਰੀਨ, ਬੀਬਾ ਜੈ ਇੰਦਰ ਕੌਰ, ਦਿਆਲ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ।

Advertisement

ਨਸ਼ਿਆਂ ਵਿਰੁੱਧ ਯਾਤਰਾ ਸਿਰਫ਼ ਸਿਆਸੀ ਡਰਾਮੇਬਾਜ਼ੀ: ਲੌਟ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਲਖਵੀਰ ਸਿੰਘ ਲੌਟ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ’ਤੇ ਸੁਰੱਖਿਆ ਦੀ ਕਮਾਨ ਕੇਂਦਰੀ ਫੋਰਸਾਂ ਅਤੇ ਬੀ ਐੱਸ ਐੱਫ ਕੋਲ ਹੈ, ਤਾਂ ਫਿਰ ਪੰਜਾਬ ਨੂੰ ਨਸ਼ਿਆਂ ਲਈ ਦੋਸ਼ੀ ਕਿਉਂ ਠਹਿਰਾਇਆ ਜਾ ਰਿਹਾ ਹੈ? ਇੱਥੇ ਜਾਰੀ ਬਿਆਨ ਵਿੱਚ ਲੌਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੀ ਐੱਸ ਐੱਫ ਦਾ ਦਾਇਰਾ ਵਧਾ ਕੇ ਪੰਜਾਬ ਦੇ ਅੰਦਰ 50 ਕਿਲੋਮੀਟਰ ਤੱਕ ਕੀਤਾ ਹੋਇਆ ਹੈ। ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਜ਼ਿਆਦਾਤਰ ਕੌਮਾਂਤਰੀ ਸਰਹੱਦ ਅਤੇ ਗੁਜਰਾਤ ਪੋਰਟ ਰਾਹੀਂ ਹੋ ਰਿਹਾ ਹੈ, ਜਿੱਥੇ ਸਿੱਧਾ ਕੇਂਦਰ ਦਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ਨਸ਼ਾ ਛੁਡਾਊ ਯਾਤਰਾ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਜੇ ਭਾਜਪਾ ਸੱਚਮੁੱਚ ਨਸ਼ਾ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਉਹ ਪਹਿਲਾਂ ਦੇਸ਼ ਦੀਆਂ ਸਰਹੱਦਾਂ ’ਤੇ ਨਸ਼ਿਆਂ ਦੀ ਤਸਕਰੀ ਨੂੰ ਪੱਕੇ ਤੌਰ ’ਤੇ ਰੋਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੰਦਰਾ ਕਾਲੋਨੀ ਪਟਿਆਲਾ ਵਾਰਡ ਨੰਬਰ 9 ਤੋਂ ਧਨਵੰਤ ਸਿੰਘ, ਬਲਬੀਰ ਸਿੰਘ ਮੰਗਾ, ਦਲੀਪ ਸਿੰਘ ਦੀਪਾ, ਵਲਿੰਦਰ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ ਲੱਕੀ, ਵਰਿੰਦਰ ਸਿੰਘ, ਜਗਤਾਰ ਸਿੰਘ ਜੋਗੀ, ਮੀਤਾ ਸਿੰਘ, ਗੁਰ ਮਿਹਰ ਸਿੰਘ, ਸੁੱਚਾ ਸਿੰਘ, ਜਗਪ੍ਰੀਤ ਸਿੰਘ, ਗੁਰਦਿੱਤ ਸਿੰਘ ਗੋਲਡੀ ਸਿੰਘ ਅਤੇ ਕਾਲੀ ਸਿੰਘ ਵੀ ਹਾਜ਼ਰ ਸਨ।

Advertisement

Advertisement
×