ਡਾ. ਰਵਜੋਤ ਵੱਲੋਂ ਪਟਿਆਲਾ ਦੀ Central Jail ਦਾ ਦੌਰਾ
ਕੈਦੀਆਂ ਲਈ ਲਾਇਬ੍ਰੇਰੀ ਅਤੇ ਉਜਾਲਾ ਨਰਸਰੀ ਸ਼ੁਰੂ; ਜੇਲ੍ਹਾਂ ਸੁਧਾਰ ਘਰਾਂ ਵਿੱਚ ਤਬਦੀਲ ਕਰਨ ਦਾ ਦਾਅਵਾ
ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਪਹੁੰਚ ਕੇ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕੈਦੀਆਂ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਰਚਨਾਤਮਕ ਕਾਰਜਾਂ ਨਾਲ ਜੋੜਨ ਦੇ ਮਕਸਦ ਹੇਠ ਜੇਲ੍ਹ ਅੰਦਰ ਬਣੀ ‘ਉਜਾਲਾ ਨਰਸਰੀ’ ਲੋਕ ਅਰਪਣ ਕੀਤੀ। ਇਸ ਦੇ ਨਾਲ ਹੀ ਕੈਦੀਆਂ ਦੇ ਬੌਧਿਕ ਵਿਕਾਸ ਲਈ ਨਵੀਂ ਤਿਆਰ ਕੀਤੀ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ ਗਿਆ। ਮੰਤਰੀ ਨੇ ਭਰੋਸਾ ਦਿੱਤਾ ਕਿ ਲਾਇਬ੍ਰੇਰੀ ਨਾਲ ਕੈਦੀਆਂ ਨੂੰ ਗਿਆਨ ਅਤੇ ਸਿੱਖਿਆ ਦੇ ਬਿਹਤਰ ਮੌਕੇ ਮਿਲਣਗੇ, ਜੋ ਉਨ੍ਹਾਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਲਿਆਉਣ ਲਈ ਸਹਾਈ ਹੋਣਗੇ।
ਇਸ ਦੌਰੇ ਮੌਕੇ ਜੇਲ੍ਹ ਵਿਭਾਗ ਦੇ ਸਕੱਤਰ ਮੁਹੰਮਦ ਤਈਅਬ, ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਐਡੀਸ਼ਨਲ ਸੁਪਰਡੈਂਟ ਜੈਦੀਪ ਸਿੰਘ ਤੇ ਅਰਪਣਜੋਤ ਸਿੰਘ, ਡਿਪਟੀ ਸੁਪਰਡੈਂਟ (ਸਕਿਓਰਿਟੀ) ਆਦਰਸ਼ਪਾਲ ਸਿੰਘ ਅਤੇ ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਹਾਜ਼ਰ ਸਨ। ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਨਾਲ ਜੇਲ੍ਹ ਪ੍ਰਬੰਧਾਂ ਅਤੇ ਹੋਰ ਅਹਿਮ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ।
ਡਾ. ਰਵਜੋਤ ਸਿੰਘ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਜੇਲ੍ਹਾਂ ਦਾ ਰੂਪ ਬਦਲ ਕੇ ਇਨ੍ਹਾਂ ਨੂੰ ਸੁਧਾਰ ਅਤੇ ਪੁਨਰਵਾਸ ਕੇਂਦਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜੇਲ੍ਹਾਂ ਨੂੰ ਨਸ਼ਾ-ਮੁਕਤ ਕਰਨਾ ਸਰਕਾਰ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹੈ ਅਤੇ ਇਸ ਦਿਸ਼ਾ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਕਾਰਜ ਸ਼ਲਾਘਾਯੋਗ ਹਨ। ਮੰਤਰੀ ਨੇ ਜੇਲ੍ਹ ਹਸਪਤਾਲ, ਬੈਰੇਕਾਂ ਅਤੇ ਆਮ ਆਦਮੀ ਕਲੀਨਿਕ ਸਮੇਤ ਵੱਖ-ਵੱਖ ਹਿੱਸਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਕੈਦੀਆਂ ਦੀ ਸਿਹਤ ਅਤੇ ਸਿੱਖਿਆ ਲਈ ਨਿਰੰਤਰ ਯਤਨ ਕਰ ਰਹੀ ਹੈ।
ਜੇਲ੍ਹ ਦੇ ਬਾਹਰ ਚੱਲ ਰਹੇ ਪੈਟਰੋਲ ਪੰਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਕੈਦੀਆਂ ਨੂੰ ਰੁਜ਼ਗਾਰ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਹੁਨਰ ਤਰਾਸ਼ਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।

