ਧੂਰੀ: ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਵਿੱਚ ਕਰਵਾਈ ਗਈ ਜਿਸ ਵਿੱਚ ਡਾ. ਜਗਜੀਤ ਸਿੰਘ ਧੂਰੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਕਾਨਫਰੰਸ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਬਾਰੇ ਚਰਚਾ ਹੋਈ। ਕਾਨਫਰੰਸ ਦੇ ਪਹਿਲੇ ਦਿਨ ਸ. ਚਰਨਜੀਤ ਸਿੰਘ ਬਾਠ, ਪ੍ਰੋ. ਦਲਜੀਤ ਸਿੰਘ ਵਾਈਸ ਚਾਂਸਲਰ, ਸੋਨੀਆ ਸਿੱਧੂ, ਮਨਿੰਦਰ ਸਿੱਧੂ ਐਮ.ਪੀ. ਕੈਨੇਡਾ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ। ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਵੱਲੋਂ ਸ਼ੈਸ਼ਨ ਦੀ ਸ਼ੁਰੂਆਤ ਕਰਨ ਉਪਰੰਤ ਡਾ. ਜਗਜੀਤ ਸਿੰਘ ਧੂਰੀ ਨੇ ਪਹਿਲੇ ਬੁਲਾਰੇ ਵਜੋਂ ਵਿੱਦਿਅਕ ਪ੍ਰਣਾਲੀ ਉੱਪਰ ਵਿਸਥਾਰ ਵਿਚ ਜਾਣਕਾਰੀ ਦਿੱਤੀ। ਕਾਨਫਰੰਸ ਦੇ ਅਖ਼ੀਰਲੇ ਦਿਨ ਡਾ. ਜਗਜੀਤ ਸਿੰਘ ਧੂਰੀ ਨੂੰ ਉਨ੍ਹਾਂ ਵੱਲੋਂ ਪੰਜਾਬੀ ਪਾਠ ਪੁਸਤਕਾਂ ‘ਮੋਹ ਦੀਆਂ ਤੰਦਾਂ’ ਰਾਹੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਮੀਰ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਹਿਤਕ ਜਗਤ ਦੀਆਂ ਕਈ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ