ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਅਕਤੂਬਰ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਰੋਡ ’ਤੇ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਪਾਰਟੀ ਵਰਕਰ ਪੁੱਜੇ ਹੋਏ ਸਨ। ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ ਜਿਸ ਮਗਰੋਂ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਵਲੋਂ ਵਿਧਾਇਕ ਦੇ ਨਵੇਂ ਖੁੱਲ੍ਹੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਦਫ਼ਤਰ ਦਾ ਕਾਫ਼ੀ ਲਾਭ ਮਿਲੇਗਾ। ਰੋਜ਼ਾਨਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਫ਼ਤਰ ਬੈਠਣਗੇ ਅਤੇ ਸ਼ਿਕਾਇਤਾਂ ਸੁਣਿਆ ਕਰਨਗੇ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਹੀ ਦਫ਼ਤਰ ਖੋਲ੍ਹਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਮੁੱਖ ਮੰਤਰੀ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ, ਪਾਰਟੀ ਆਗੂ ਅਵਤਾਰ ਸਿੰਘ ਈਲਵਾਲ, ਚਰਨਜੀਤ ਚੰਨੀ, ਐਡਵੋਕੇਟ ਹਰਦੀਪ ਸਿੰਘ ਭਰੂਰ ਤੇ ਦਵਿੰਦਰ ਸਿੰਘ ਸਮੇਤ ਕਈ ਸਰਗਰਮ ਵਰਕਰ ਮੌਜੂਦ ਸਨ।