ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਵਿਰਾਜ ਐੱਸ ਤਿੜਕੇ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ)-2026 ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ 25 ਜੂਨ ਤੋਂ ਹੋ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 400 ਬੀ ਐੱਲ ਓਜ਼ 24 ਜੁਲਾਈ ਤੱਕ ਘਰ-ਘਰ ਜਾ ਕੇ ਵੋਟਰਾਂ ਤੋਂ ਗਣਨਾ ਫਾਰਮ ਭਰਵਾਉਣਗੇ। ਉਨ੍ਹਾਂ ਦੱਸਿਆ ਕਿ ਪ੍ਰੀ-ਐੱਸ ਆਈ ਆਰ ਮੈਪਿੰਗ ਦੌਰਾਨ ਜ਼ਿਲ੍ਹੇ ਦੇ 3,25,433 ਵੋਟਰਾਂ ਵਿੱਚੋਂ 2,97,252 ਵੋਟਰਾਂ ਦੀ ਸਫਲਤਾਪੂਰਵਕ ਮੈਪਿੰਗ ਕੀਤੀ ਜਾ ਚੁੱਕੀ ਹੈ।
ਡੀ ਸੀ ਨੇ ਕਿਹਾ ਕਿ ਐੱਸ ਆਈ ਆਰ ਦਾ ਮਕਸਦ ਕਿਸੇ ਯੋਗ ਵੋਟਰ ਦੀ ਵੋਟ ਕੱਟਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਰ ਯੋਗ ਨਾਗਰਿਕ ਦਾ ਨਾਮ ਦਰਜ ਹੋਵੇ ਅਤੇ ਫਰਜ਼ੀ ਜਾਂ ਅਯੋਗ ਐਂਟਰੀਆਂ ਹਟਾਈਆਂ ਜਾਣ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਪਾਸਪੋਰਟ ਧਾਰਕ ਆਨਲਾਈਨ ਜਾਂ ਪਰਿਵਾਰ ਰਾਹੀਂ ਇਹ ਫਾਰਮ ਭਰ ਸਕਦੇ ਹਨ। ਵੋਟਰ ਆਪਣੀ ਪਛਾਣ ਲਈ ਜਨਮ ਪ੍ਰਮਾਣ ਪੱਤਰ, ਪਾਸਪੋਰਟ, ਮੈਟ੍ਰਿਕ ਸਰਟੀਫਿਕੇਟ ਜਾਂ ਸਥਾਈ ਨਿਵਾਸ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਫਾਰਮ ਵਿੱਚ ਮੋਬਾਈਲ ਨੰਬਰ ਅਤੇ ਨਵੀਂ ਰੰਗੀਨ ਫੋਟੋ ਲਗਾਉਣੀ ਲਾਜ਼ਮੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਅਤੇ ਮੀਡੀਆ ਨੂੰ ਅਫ਼ਵਾਹਾਂ ਤੋਂ ਬਚਣ, ਸਿਰਫ਼ ਪ੍ਰਮਾਣਿਤ ਜਾਣਕਾਰੀ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਚੋਣ ਤਹਿਸ਼ੀਲਦਾਰ ਬ੍ਰਿਜ ਮੋਹਨ, ਮਨਪ੍ਰੀਤ ਸਿੰਘ ਅਤੇ ਲੈਕਚਰਾਰ ਪਰੇਮ ਸਿੰਘ ਮਾਣਕਮਾਜਰਾ ਮੌਜੂਦ ਸਨ।
