Polling Stations Rationalization: ਜ਼ਿਲ੍ਹਾ ਚੋਣ ਅਫਸਰ ਵੱਲੋਂ ਸਿਆਸੀ ਆਗੂਆਂ ਨਾਲ ਮੀਟਿੰਗ
ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾੳੁਣ ਬਾਰੇ ਚਰਚਾ
ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਥਾਨਕ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਸਬੰਧੀ ਆਗੂਆਂ ਦੇ ਸੁਝਾਅ ਹਾਸਲ ਕੀਤੇ ਗਏ। ਡੀ ਸੀ ਨੇ 11 ਅਤੇ 12 ਜੁਲਾਈ ਨੂੰ ਲੱਗੇ ਵਿਸ਼ੇਸ਼ ਕੈਂਪਾਂ ਦੀ ਸਫ਼ਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਦਾ ਕੰਮ 24 ਜੁਲਾਈ ਤੱਕ ਮੁਕੰਮਲ ਕੀਤਾ ਜਾਣਾ ਹੈ। ਇਸ ਨਵੀਂ ਤਜਵੀਜ਼ ਤਹਿਤ ਜ਼ਿਲ੍ਹੇ ਦੇ ਮੌਜੂਦਾ 1786 ਪੋਲਿੰਗ ਸਟੇਸ਼ਨਾਂ ਵਿੱਚ 75 ਨਵੇਂ ਪੋਲਿੰਗ ਸਟੇਸ਼ਨ ਸ਼ਾਮਲ ਕੀਤੇ ਜਾਣਗੇ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 1861 ਹੋ ਜਾਵੇਗੀ। ਇਸ ਤੋਂ ਇਲਾਵਾ 29 ਪੋਲਿੰਗ ਸਟੇਸ਼ਨਾਂ ਦੀ ਲੋਕੇਸ਼ਨ ਬਦਲੀ ਜਾਵੇਗੀ, ਜਦਕਿ ਇਮਾਰਤਾਂ ਜਾਂ ਸਕੂਲਾਂ ਦੇ ਨਾਮ ਬਦਲਣ ਕਾਰਨ 115 ਪੋਲਿੰਗ ਸਟੇਸ਼ਨਾਂ ਦੇ ਨਾਮ ਅਪਡੇਟ ਕੀਤੇ ਜਾਣਗੇ। ਡਾ. ਅਗਰਵਾਲ ਨੇ ਦੱਸਿਆ ਕਿ ਬੀ ਐੱਲ ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ 24 ਜੁਲਾਈ ਤੱਕ ਨਿਰੰਤਰ ਜਾਰੀ ਰਹੇਗਾ। ਹੁਣ ਅਗਲੇ ਵਿਸ਼ੇਸ਼ ਕੈਂਪ ਸਿਰਫ਼ ਪੋਲਿੰਗ ਬੂਥਾਂ ’ਤੇ ਹੀ ਨਹੀਂ, ਸਗੋਂ ਸਮੂਹ ਐੱਸ ਡੀ ਐੱਮ ਦਫ਼ਤਰਾਂ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਵੀ ਲਾਏ ਜਾਣਗੇ। ਵੋਟਰ ਸਹਾਇਤਾ ਲਈ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਏ ਡੀ ਸੀ ਅਨੁਪ੍ਰਿਤਾ ਜੌਹਲ, ਅਕਾਲੀ ਦਲ ਵੱਲੋਂ ਅਮਰਿੰਦਰ ਬਜਾਜ, ਕਾਂਗਰਸ ਵੱਲੋਂ ਮਹਿੰਦਰ ਸਿੰਘ ਅਤੇ ਭਾਜਪਾ ਵੱਲੋਂ ਰਜਨੀਸ਼ ਸ਼ੋਰੀ ਆਦਿ ਹਾਜ਼ਰ ਸਨ।

