ਜਬਰੀ ਸਸਕਾਰ ਕਰਨ ਅਤੇ ਲਾਸ਼ ਖੋਹ ਕੇ ਲਿਜਾਣ ਦੀਆਂ ਘਟਨਾਵਾਂ ਤਾਂ ਪਿਛਲੇ ਦਿਨੀਂ ਪੰਜਾਬ ਦੇ ਲੋਕ ਵੇਖ ਚੁੱਕੇ ਹਨ ਪਰ ਪੰਜਾਬ ਦੀ ਹਕੂਮਤ ਨੇ ਹੱਕ ਮੰਗਦੇ ਦਿਵਿਆਂਗਾਂ ਨੂੰ ਵੀ ਹਵਾਲਾਤ ਅਤੇ ਜੇਲ੍ਹ ਯਾਤਰਾ ਕਰਵਾ ਦਿੱਤੀ ਹੈ। ਹੈਰਾਨਗੀ ਇਸ ਗੱਲ ਦੀ ਹੈ ਕਿ ਜੇਲ੍ਹ ’ਚ ਕਰੀਬ ਇੱਕ ਹਫ਼ਤਾ ਬੰਦ ਰਹਿਣ ਵਾਲੇ ਪੰਜ ਅੰਗਹੀਣ ਤੁਰਨ ਫ਼ਿਰਨ ਤੋਂ ਅਸਮਰੱਥ ਹਨ, ਜਿਨ੍ਹਾਂ ਨੂੰ ਜੇਲ੍ਹ ਵਿਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦਿਵਿਆਂਗ ਵਿਅਕਤੀਆਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਵੀ ਉਹ ਜ਼ਮੀਨ ’ਤੇ ਰਿੜ੍ਹ ਕੇ ਹੀ ਪਖ਼ਾਨੇ ਆਦਿ ਤੱਕ ਜਾਂਦੇ ਸਨ ਅਤੇ ਵ੍ਹੀਲਚੇਅਰ ਦੀ ਕੋਈ ਸਹੂਲਤ ਵੀ ਨਹੀਂ ਮਿਲੀ। ਉਨ੍ਹਾਂ ਕਿਹਾ ,‘‘ਸਾਡਾ ਕਸੂਰ ਸਿਰਫ਼ ਏਨਾ ਸੀ ਕਿ ਅਸੀਂ ਪੈਨਸ਼ਨ ’ਚ ਵਾਧੇ ਦੀ ਮੰਗ ਲਈ ਮੁੱਖ ਮੰਤਰੀ ਦੇ ਹਲਕਾ ਸ਼ਹਿਰ ਧੂਰੀ ’ਚ ਧਰਨੇ ’ਤੇ ਬੈਠੇ ਸੀ।’’ ਬੀਤੀ ਰਾਤ ਸੰਗਰੂਰ ਜ਼ਿਲ੍ਹਾ ਜੇਲ੍ਹ ’ਚੋਂ ਆਪਣੇ ਚਾਰ ਦਿਵਿਆਂਗ ਸਾਥੀਆਂ ਸਣੇ ਰਿਹਾਅ ਹੋਏ ਹੈਂਡੀਕੈਪਡ ਏਕਤਾ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਨੇ ਦੱਸਿਆ ਕਿ ਦਿਵਿਆਂਗ ਵਿਅਕਤੀ ਆਪਣੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਲਈ ਬੀਤੀ 6 ਅਗਸਤ ਤੋਂ ਧੂਰੀ ਵਿੱਚ ਰੋਸ ਧਰਨੇ ’ਤੇ ਬੈਠੇ ਸਨ ਪਰ ਕੋਈ ਸੁਣਵਾਈ ਨਾ ਹੋਈ। ਬੀਤੀ 21 ਅਕਤੂਬਰ ਤੋਂ ਮੁੱਖ ਮੰਤਰੀ ਦੀ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਮਰਨ ਵਰਤ ਤੇ ਬੈਠੇ ਦਿਵਿਆਂਗਾਂ ਨੂੰ ਪੁਲੀਸ ਨੇ ਜਬਰੀ ਚੁੱਕ ਕੇ ਹਿਰਾਸਤ ਵਿੱਚ ਲੈ ਲਿਆ ਅਤੇ 13 ਦਿਵਿਆਂਗਾਂ ਨੂੰ ਥਾਣਾ ਸਿਟੀ ਧੂਰੀ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ, ਜਿਨ੍ਹਾਂ ਵਿੱਚੋਂ 5 ਦਿਵਿਆਂਗਾਂ ਨੂੰ 28 ਅਕਤੂਬਰ ਨੂੰ ਹੀ ਰਾਤ ਕਰੀਬ ਸਾਢੇ ਨੌਂ ਵਜੇ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ, ਜਿਨ੍ਹਾਂ ਵਿੱਚ ਲਾਭ ਸਿੰਘ ਸਣੇ ਧਰਮ ਸਿੰਘ ਪਿੰਡ ਈਸੜਾ, ਚਰਨਜੀਤ ਸਿੰਘ ਪਿੰਡ ਸ਼ੇਰੋਂ, ਜਗਸੀਰ ਸਿੰਘ ਪਿੰਡ ਮੀਮਸਾ ਅਤੇ ਬੋਘਾ ਸਿੰਘ ਪਿੰਡ ਉਗਰਾਹਾਂ ਸ਼ਾਮਲ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜ ਜਣਿਆਂ ’ਚੋਂ ਸਿਰਫ਼ ਧਰਮ ਸਿੰਘ 84 ਫੀਸਦੀ ਦਿਵਿਆਂਗ ਹੈ ਜਦੋਂ ਕਿ ਬਾਕੀ 4 ਜਣੇ 100 ਫੀਸਦੀ ਦਿਵਿਆਂਗ ਹਨ। ਪੁਲੀਸ ਉਨ੍ਹਾਂ ਨੂੰ ਆਪਣੀ ਗੱਡੀ ਰਾਹੀਂ ਸੰਗਰੂਰ ਜੇਲ੍ਹ ਦੀ ਡਿਓਢੀ ਤੱਕ ਛੱਡ ਆਈ ਸੀ ਅਤੇ ਅੱਗੇ ਉਹ ਜ਼ਮੀਨ ’ਤੇ ਰਿੜ੍ਹ-ਰਿੜ੍ਹ ਕੇ ਬੈਰਕ ’ਚ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਜੇਲ੍ਹ ’ਚ ਬੰਦ ਕੈਦੀਆਂ ਨੇ ਲੰਗਰ ’ਚ ਵਰਤੀ ਜਾਣ ਵਾਲੀ ਇੱਕ ਰੇਹੜੀ ਲਿਆਂਦੀ, ਜਿਸ ਉਪਰ ਬਿਠਾ ਕੇ ਉਨ੍ਹਾਂ ਨੂੰ ਬੈਰਕ ਤੱਕ ਛੱਡਿਆ ਗਿਆ। ਜੇਲ੍ਹ ਵਿੱਚ ਉਨ੍ਹਾਂ ਭਾਰੀ ਮੁਸ਼ਕਲਾਂ ਨਾਲ 6/7 ਦਿਨ ਕੱਟੇ, ਜਿਨ੍ਹਾਂ ਨੂੰ ਉਹ ਜ਼ਿੰਦਗੀ ਭਰ ਕਦੇ ਵੀ ਭੁਲਾ ਨਹੀਂ ਸਕਣਗੇ। ਲਾਭ ਸਿੰਘ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ’ਚੋਂ ਰਿਹਾਅ ਹੋਏ ਤਾਂ ਜੇਲ੍ਹ ਦੀ ਡਿਓਢੀ ਤੋਂ ਬਾਹਰਲੇ ਮੁੱਖ ਗੇਟ ਤੱਕ ਆਉਣ ਤੋਂ ਵੀ ਅਸਮਰੱਥ ਸੀ। ਉਨ੍ਹਾਂ ਨੂੰ ਲੈਣ ਲਈ ਪੁੱਜੇ ਸਾਥੀਆਂ ’ਚੋਂ ਕਿਸੇ ਦੀ ਵ੍ਹੀਲਚੇਅਰ ਲਿਆ ਕੇ ਇੱਕ ਹੋਰ ਸਾਥੀ ਨੇ ਇਕੱਲੇ ਇਕੱਲੇ ਸਾਥੀ ਨੂੰ ਵੀਲ੍ਹ ਚੇਅਰ ’ਤੇ ਬਿਠਾ ਕੇ ਬਾਹਰ ਲਿਆਇਆ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਆਏ ਸਨ, ਜਿੰਨ੍ਹਾਂ ਨੂੰ ਉਹ ਮਿਲ ਕੇ ਯਾਦ ਦਿਵਾਉਣਾ ਚਾਹੁੰਦੇ ਸੀ ਕਿ ਉਨ੍ਹਾਂ ਵੱਲੋਂ ਅੰਗਹੀਣਾਂ ਦੀ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਪੁਲੀਸ ਨੇ ਅੱਗੇ ਨਹੀਂ ਜਾਣ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਪੈਨਸ਼ਨ ਵਧਾ ਕੇ 5 ਹਜ਼ਾਰ ਰੁਪਏ ਕੀਤੀ ਜਾਵੇ।
ਜੇਲ੍ਹ ਸੁਪਰਡੈਂਟ ਨੇ ਦੋਸ਼ ਨਕਾਰੇ
ਸੰਗਰੂਰ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਅੰਗਹੀਣ ਵਿਅਕਤੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਲ੍ਹ ਵਿੱਚ ਵੀਲ੍ਹ ਚੇਅਰ ਸਣੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

