ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ
ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਵੱਲੋਂ ਸਾਉਣੀ 2020 ਦੌਰਾਨ ਲਗਭਗ 21,800 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਕਰੋਨਾ ਮਹਾਮਾਰੀ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਿੱਚ ਕਾਫ਼ੀ ਦਿਲਚਸਪੀ ਦਿਖਾਈ ਗਈ ਹੈ। ਸਿੱਧੀ ਬਿਜਾਈ ਵਾਲੇ ਝੋਨੇ ਦੀ ਫ਼ਸਲ ਉੱਪਰ ਕਿਸੇ ਕਿਸਮ ਦੀ ਬਿਮਾਰੀ ਦਾ ਹਮਲਾ ਵੀ ਨਹੀਂ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਲ 2020-21 ਦੌਰਾਨ ਜ਼ਿਲ੍ਹੇ ਵਿਚ ਕਰੀਬ 2.77 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ ਜਦੋਂਕਿ ਸਾਲ 2019-20 ਦੌਰਾਨ 2.89 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਸੀ ਜਿਸ ਵਿਚੋਂ 800 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ।
ਡਾ. ਗਰੇਵਾਲ ਨੇ ਦੱਸਿਆ ਕਿ ਸਿੱਧੀ ਬਿਜਾਈ ਰਾਹੀਂ ਬੀਜਿਆ ਝੋਨਾ ਪਹਿਲੇ 25-30 ਦਿਨ ਬੂਝਾ ਮਾਰ ਕੇ ਫੁਟਾਰਾ ਨਹੀਂ ਕਰਦਾ ਕਿਉਂਕਿ ਇਹ ਬੂਟਾ ਆਪਣੀ ਜੜ੍ਹ ਨੂੰ ਮਜ਼ਬੂਤ ਕਰ ਰਿਹਾ ਹੁੰਦਾ ਹੈ। ਇਸ ਕਾਰਨ ਝੋਨੇ ਦੇ ਬੂਟੇ ਭਰਵੀਂ ਦਿੱਖ ਨਹੀਂ ਦਿੰਦੇ, ਨਤੀਜੇ ਵਜੋਂ ਕਈ ਕਿਸਾਨ ਕਈ ਵਾਰ ਨਿਰਾਸ਼ ਹੋ ਕੇ ਫ਼ਸਲ ਨੂੰ ਵਾਹ ਦਿੰਦੇ ਹਨ, ਜੋ ਕਿ ਬਿਲਕੁਲ ਗ਼ਲਤ ਹੈ ਕਿਉਕਿ 25-30 ਦਿਨਾਂ ਬਾਅਦ ਬੂਟਾ ਫੁਟਾਰਾ ਮਾਰਦਾ ਹੈ ਅਤੇ ਇਸ ਦੀ ਦਿੱਖ ਭਰਵੀਂ ਹੋ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਤਾਂ ਜੋ ਨਦੀਨਾਂ ਦੀ ਰੋਕਥਾਮ, ਛੋਟੇ ਤੱਤਾਂ ਦੀ ਘਾਟ ਜਾਂ ਖਾਦਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਕੋਵਿਡ-19 ਦੇ ਚਲਦਿਆਂ ਬਾਸਮਤੀ ਦੀ ਬਾਹਰਲੇ ਮੁਲਕਾਂ ਵਿੱਚ ਭਾਰੀ ਮੰਗ ਹੈ, ਇਸ ਲਈ ਜਿਨ੍ਹਾਂ ਕਿਸਾਨਾਂ ਨੇ ਬਾਸਮਤੀ ਦੀ ਬਿਜਾਈ ਕਰਨੀ ਹੈ, ਉਹ ਬਾਸਮਤੀ ਦੀ ਵਧੀਆ ਕੁਆਲਟੀ ਪੈਦਾ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫ਼ਸਲ ’ਤੇ ਗ਼ੈਰ-ਸਿਫ਼ਾਰਸ਼ਸ਼ੁਦਾ ਉੱਲੀਨਾਸ਼ਕ/ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਉੱਪਰ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਾਸਮਤੀ ਦੀ ਗੁਣਵਤਾ ਵਧੀਆ ਹੋ ਸਕੇ।