AAP ਦੇ ਹਲਕਾ ਇੰਚਾਰਜ Ranjodh Hadana ਵੱਲੋਂ ਸੰਵਾਦ ਸਮਾਗਮ
ਵਿਸਾਖੀ ’ਤੇ ਘਰ-ਘਰ ਜਾ ਕੇ ਭਰੇ ਜਾਣਗੇ 1000-1500 ਰੁਪਏ ਵਾਲੇ ਫ਼ਾਰਮ: ਹਡਾਣਾ
ਸਨੌਰ ਤੋਂ ‘ਆਪ’ ਦੇ ਹਲਕਾ ਇੰਚਾਰਜ ਰਣਜੋਧ ਹਡਾਣਾ ਨੇ ਅੱਜ ਹਲਕੇ ਦੇ ਸਨੌਰ ਨੇੜਲੇ ਕਈ ਪਿੰਡਾਂ ਦਾ ਦੌਰਾ ਕਰਦਿਆਂ ‘ਸ਼ਾਨਦਾਰ ਚਾਰ ਸਾਲ-ਭਗਵੰਤ ਮਾਨ ਦੇ ਨਾਲ’ ਦੇ ਬੈਨਰ ਹੇਠਾਂ ਲੋਕਾਂ ਨਾਲ ਸੰਵਾਦ ਪ੍ਰੋਗਰਾਮ ਕੀਤੇ। ਸ੍ਰੀ ਹਡਾਣਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਨੇੜੇ ਸਿਹਤ ਸੇਵਾਵਾਂ ਦੇ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਸਰਕਾਰੀ ਕੰਮਾਂ ਦੇ ਨਿਬੇੜੇ ਲਈ ਵੀ ਲੋਕਾਂ ਦੇ ਘਰਾਂ ਦੇ ਨੇੜੇ ਹੀ ਕੈਂਪ ਲਾਏ ਜਾ ਰਹੇ ਹਨ।
ਇਸ ਦੌਰਾਨ ਸ੍ਰੀ ਹਡਾਣਾ ਨੇ ਥਾਣਾ ਤੇ ਤਹਿਸੀਲ ਪਟਿਆਲਾ ’ਚ ਪੈਂਦੇ ਹਲਕੇ ਦੇ ਵੱਡੇ ਪਿੰਡ ਭੁਨਰਹੇੜੀ ਸਮੇਤ ਸਨੌਰ ਨੇੜਲੇ ਪਿੰਡਾਂ ਚੌਰਾ, ਮਲਕਪੁਰ ਜੱਟਾਂ, ਬੱਤਾ, ਬੱਤੀ, ਬਰਕਤਪੁਰ ਆਦਿ ਕਈ ਪਿੰਡਾਂ ਦਾ ਦੌਰਾ ਕੀਤਾ।
ਸਨੌਰ ਬਲਾਕ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਠੀਆਂ (ਸਰਪੰਚ) ਸਮੇਤ ਹੋਰ ਬਲਾਕ ਪ੍ਰਧਾਨ ਦੀ ਅਗਵਾਈ ਹੇਠਲੇ ਇਨ੍ਹਾਂ ਸਮਾਗਮਾਂ ’ਚ ਜ਼ਿਲ੍ਹਾ ਪਰਿਸ਼ਦ ਮੈਂਬਰ ਰਾਮ ਇੰਦਰ ਯਮਨਾ, ਸੁਖਜਿੰਦਰ ਟਾਂਡਾ (ਸੁੱਖਾ ਬਾਜਵਾ), ਜੈਲਦਾਰ ਗੁਰਪ੍ਰੀਤ ਮਹਿਮਦਪੁਰ, ਬਲਿਹਾਰ ਸ਼ਮਸ਼ਪੁਰ, ਹਰਪ੍ਰੀਤ ਘੁੰਮਣ, ਗੁਰਮੇਲ ਖਾਕਟਾਂ, ਦਵਿੰਦਰ ਮਾੜੂ, ਐੱਮ ਸੀ ਯੁਵਰਾਜ ਤੇ ਬਿੱਟੂ ਰਾਠੀਆਂ ਆਦਿ ਦੇ ਨਾਮ ਸ਼ਾਮਲ ਹਨ। ਆਪਣੇ ਸੰਬੋਧਨ ’ਚ ਰਣਜੋਧ ਹਡਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1000-1500 ਰੁਪਏ ਦੇ ਰਾਸ਼ੀ ਸਬੰਧੀ ‘ਆਪ’ ਵਲੰਟੀਅਰਾਂ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਨਾਲ਼ ਘਰ ਘਰ ਜਾ ਕੇ ਫਾਰਮ ਭਰਨ ਦੀ ਮੁਹਿੰਮ ਵਿਸਾਖੀ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਨਵੇਂ ਪ੍ਰੋਜੈਕਟ ਵੀ ਜਲਦ ਸ਼ੁਰੂ ਕੀਤੇ ਜਾਣਗੇ।

