Dhuri Double Murder Case: ਜ਼ਿਲ੍ਹਾ ਪੁਲੀਸ ਨੇ 24 ਘੰਟਿਆਂ ਵਿੱਚ ਮਾਮਲਾ ਸੁਲਝਾਇਆ, 6 ਮੁਲਜ਼ਮ ਗ੍ਰਿਫ਼ਤਾਰ
ਵਾਰਦਾਤ ਵਿੱਚ ਵਰਤੇ ਦੋ ਮੋਟਰਸਾਈਕਲ ਬਰਾਮਦ; ਪੁਰਾਣੀ ਲੜਾਈ-ਝਗੜੇ ਦੀ ਰੰਜਿਸ਼ ਤਹਿਤ ਦਿੱਤਾ ਸੀ ਖ਼ੂਨੀ ਘਟਨਾ ਨੂੰ ਅੰਜਾਮ
ਧੂਰੀ ਵਿਖੇ ਬੀਤੇ ਕੱਲ੍ਹ ਦੋ ਨੌਜਵਾਨਾਂ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਨੂੰ ਜ਼ਿਲ੍ਹਾ ਪੁਲੀਸ ਵੱਲੋਂ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾਉਂਦਿਆਂ (ਟਰੇਸ ਕਰਕੇ) 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤੇ ਗਏ 2 ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ। ਪੁਲੀਸ ਅਨੁਸਾਰ ਆਪਸੀ ਲੜਾਈ-ਝਗੜੇ ਦੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੀ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਜ਼ਿਲ੍ਹਾ ਪੁਲੀਸ ਮੁਖੀ (SSP) ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ੍ਹ 7 ਜੁਲਾਈ ਨੂੰ ਕੱਕੜਵਾਲ ਰੋਡ ਧੂਰੀ ਵਿਖੇ ਨਾਈ ਦੀ ਦੁਕਾਨ (ਸੈਲੂਨ) ਨੇੜੇ ਲੱਭੂ, ਸਾਵਨ, ਪ੍ਰਿੰਸ, ਕਰਨ ਰਟੋਲ, ਨੀਰਜ ਉਰਫ਼ ਸੈਂਡੀ (ਵਾਸੀਆਨ ਪੋਲੋ ਬਸਤੀ, ਧੂਰੀ), ਵਿੱਕੀ, ਰਿੰਕੂ, ਮੋਗਲੀ (ਵਾਸੀਆਨ ਪੋਲੋ ਬਸਤੀ, ਧੂਰੀ) ਅਤੇ 7-8 ਅਣਪਛਾਤੇ ਵਿਅਕਤੀਆਂ ਨੇ ਦੇਵ ਕੁਮਾਰ ਉਰਫ਼ ਦੇਬੂ ਅਤੇ ਅਨਿਲ ਉਰਫ਼ ਬੱਬਾਂ ਉੱਪਰ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲੀਸ(ਇਨਵੈਸਟੀਗੇਸ਼ਨ) ਸੰਗਰੂਰ ਦੀ ਯੋਗ ਅਗਵਾਈ ਹੇਠ ਸੁਖਦੇਵ ਸਿੰਘ ਡੀ.ਐੱਸ.ਪੀ. (ਡਿਟੈਕਟਿਵ) ਸੰਗਰੂਰ ਅਤੇ ਗੁਰਪ੍ਰੀਤ ਸਿੰਘ ਡੀ.ਐੱਸ.ਪੀ. ਸਬ-ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਵਿੱਚ ਇੰਸਪੈਕਟਰ ਸੰਦੀਪ ਸਿੰਘ (ਇੰਚਾਰਜ ਸੀ.ਆਈ.ਏ. ਸੰਗਰੂਰ) ਅਤੇ ਇੰਸਪੈਕਟਰ ਜਸਵੀਰ ਸਿੰਘ (ਮੁੱਖ ਅਫ਼ਸਰ, ਥਾਣਾ ਸਿਟੀ ਧੂਰੀ) ਸ਼ਾਮਲ ਸਨ, ਜਿਨ੍ਹਾਂ ਨੇ ਟੈਕਨੀਕਲ ਢੰਗ ਨਾਲ ਤਫ਼ਤੀਸ਼ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ।
ਤਫ਼ਤੀਸ਼ ਦੌਰਾਨ ਅੱਜ ਪੁਲੀਸਨੇ ਛੇ ਮੁਲਜ਼ਮਾਂ- ਲੱਭੂ, ਸਾਵਨ, ਪ੍ਰਿੰਸ (ਵਾਸੀਆਨ ਦਸਮੇਸ਼ ਨਗਰ, ਧੂਰੀ), ਕਰਨ ਰਟੋਲ (ਵਾਸੀ ਕਹੇਰੂ ਰੋਡ, ਧੂਰੀ), ਰਮਨ (ਵਾਸੀ ਪੋਲੋ ਬਸਤੀ, ਧੂਰੀ) ਅਤੇ ਪਵਨ (ਵਾਸੀ ਗੁਰੂ ਨਾਨਕ ਨਗਰ, ਧੂਰੀ) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸਵੱਲੋਂ ਦੋਸ਼ੀਆਂ ਪਾਸੋਂ ਵਾਰਦਾਤ ਵੇਲੇ ਵਰਤੇ ਗਏ 2 ਮੋਟਰਸਾਈਕਲ ਵੀ ਬਰਾਮਦ ਕਰਵਾ ਲਏ ਗਏ ਹਨ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਬੀਤੀ 4 ਜੂਨ ਨੂੰ ਆਪਸ ਵਿੱਚ ਝਗੜਾ ਹੋਇਆ ਸੀ, ਜਿਸ ਸਬੰਧੀ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਕੇਸ ਵੀ ਦਰਜ ਸੀ। ਇਸੇ ਪੁਰਾਣੀ ਲੜਾਈ ਦੀ ਖ਼ਾਰ ਖਾਣ ਕਾਰਨ ਮੁਲਜ਼ਮਾਂ ਨੇ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਮੁਲਜ਼ਮਾਂ ਦਾ ਪੁਲੀਸਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
