
ਐੱਫਸੀਆਈ ਦੇ ਗੁਦਾਮ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸ਼ੈਲਰ ਮਾਲਕ। -ਫੋਟੋ: ਭਾਰਦਵਾਜ
ਪੱਤਰ ਪ੍ਰੇਰਕ
ਲਹਿਰਾਗਾਗਾ, 7 ਫਰਵਰੀ
ਇਥੇ ਸ਼ੈਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਦੇ ਦਿਸ਼ਾ ਨਿਰਦੇਸ਼ ਉਪਰ ਪੰਜਾਬ ਅੰਦਰ ਕੁਝ ਥਾਂਵਾਂ ’ਤੇ ਫੋਰਟੀਫਾਈਡ ਚੌਲਾਂ ਸਬੰਧੀ ਐੱਫਸੀਆਈ ਵੱਲੋਂ ਲਗਾਏ ਜਾ ਰਹੇ ਅੜਿੱਕੇ ਦੇ ਖ਼ਿਲਾਫ਼ ਅੱਜ ਸਥਾਨਕ ਸ਼ੈਲਰ ਮਾਲਕਾਂ ਨੇ ਡਿੱਪੂ ਵਿੱਚ ਚੌਲਾਂ ਦੀ ਡੰਪਿੰਗ ਬੰਦ ਕਰ ਕੇ ਐੱਫਸੀਆਈ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼ੈਲਰ ਮਾਲਕਾਂ ਨੇ ਚਾਵਲ ਐੱਫਸੀਆਈ ਨੂੰ ਸੌਂਪਣ ਦੀ ਪ੍ਰਕਿਰਿਆ ਵੀ ਪੂਰੀ ਤਰ੍ਹਾਂ ਬੰਦ ਕਰ ਕੇ ਦੇ ਗੇਟ ਅੱਗੇ ਧਰਨਾ ਦਿੱਤਾ। ਇਸ ਮੌਕੇ ਉਦਯੋਗਪਤੀ ਐਡਵੋਕੇਟ ਗੌਰਵ ਗੋਇਲ ਅਤੇ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਜੋ ਚੌਲ ਉਹ ਐੱਫਸੀਆਈ ਨੂੰ ਸੌਂਪਦੇ ਹਨ , ਉਹ ਪੀਡੀਐੱਫ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਇਸ ਲਈ ਇੱਕ ਫ਼ੀਸਦੀ ਫੋਰਟੀਫਾਈਡ ਚੌਲ ਮਿਕਸ ਕਰਨ ਲਈ ਐੱਫਸੀਆਈ ਨੇ ਪੂਰੇ ਭਾਰਤ ਵਿੱਚ ਮਸ਼ੀਨਾਂ ਲਗਵਾਈਆਂ ਸਨ। ਇਨ੍ਹਾਂ ਚਾਵਲਾਂ ਵਿੱਚ ਸਾਰੇ ਤੱਤ ਮੌਜੂਦ ਹੁੰਦੇ ਹਨ ਅਤੇ ਇੱਕ ਫੀਸਦੀ ਇਹ ਫੋਰਟੀਫਾਈਡ ਚਾਵਲ ਮਿਲਾਉਣ ਉਪਰੰਤ ਹੀ ਸਰਕਾਰ ਨੂੰ ਸੌਂਪਦੇ ਹਨ। ਪਿਛਲੇ ਦਿਨੀਂ ਐੱਫਸੀਆਈ ਨੇ 234 ਚੱਕੇ ਚੌਲਾਂ ਦੇ ਇਹ ਕਹਿ ਕੇ ਰੱਦ ਕਰ ਦਿੱਤੇ ਕਿ ਇਨ੍ਹਾਂ ਵਿੱਚ ਫੋਰਟੀਫਾਇਡ ਚਾਵਲਾ ਦੀ ਗੁਣਵੱਤਾ ਸਹੀ ਨਹੀਂ ਹੈ। ਐੱਫਸੀਆਈ ਜ਼ਿੰਮੇਵਾਰੀ ਮਿਲਰਾਂ ਦੀ ਥਾਂ ਸਬੰਧਤ ਫੈਕਟਰੀਆਂ ਦੀ ਨਿਰਧਾਰਤ ਕਰੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ, ਜੇਕਰ ਐੱਫਸੀਆਈ ਫਿਰ ਵੀ ਸ਼ੈਲਰ ਮਾਲਕਾਂ ਦੀ ਸੁਣਵਾਈ ਨਹੀਂ ਕਰਦੀ ਤਾਂ ਸੂਬਾ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਵਿਚ ਅਗਲੇ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਾਂਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ