ਹਰਦੀਪ ਸਿੰਘ ਭੰਗੂ
ਭਾਦਸੋਂ, 4 ਜੂਨ
ਇੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬਲਾਕ ਪ੍ਰਧਾਨ ਬਲਜੀਤ ਸਿੰਘ ਘਣੀਵਾਲ ਦੀ ਅਗਵਾਈ ਹੇਠ ਭਾਦਸੋਂ ਗਰਿੱਡ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪਾਵਰਕੌਮ ਨੇ ਕੋਈ 6 ਮਹੀਨੇ ਪਹਿਲਾਂ ਮੋਟਰਾਂ ਵੱਡੀਆਂ ਕਰਨ ਦੇ ਬਹਾਨੇ ਪੈਸੇ ਤਾਂ ਭਰਵਾ ਲਏ ਪ੍ਰੰਤੂ ਵੱਡੇ ਟਰਾਂਸਫਾਰਮਰ ਧਰਨ ਦੀ ਕਿਰਿਆ ਕੀੜੀ ਦੀ ਚਾਲ ਚੱਲ ਰਹੀ ਹੈ। ਜਥੇਬੰਦੀ ਵਲੋਂ ਸਬੰਧਿਤ ਅਧਿਕਾਰੀਆਂ ਦੇ ਵਾਰ – ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਇੱਕੋ ਜਵਾਬ ਮਿਲਦਾ ਹੈ ਕਿ ਸਟੋਰ ਵਿੱਚ ਕੋਈ ਟਰਾਂਸਫਾਰਮਰ ਨਹੀਂ ਹੈ।
ਆਗੂਆਂ ਦੋਸ਼ ਲਾਇਆ ਹੈ ਕਿ ਹਾਕਮ, ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਅਰਬਾਂ ਰੁਪਏ ਤਾਂ ਵੱਟੇ ਖਾਤੇ ਪਾ ਸਕਦੇ ਹਨ ਪ੍ਰੰਤੂ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਵੱਖ ਵੱਖ ਸਬਸਿਡੀਆਂ ’ਤੇ ਕੱਟ ਲਾ ਕੇ ਉਜਾੜਨ ’ਤੇ ਤੁਲੇ ਹੋਏ ਹਨ। ਸਟੇਜ ਦੀ ਕਾਰਵਾਈ ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁੱਧੇਵਾਲ ਨੇ ਨਿਭਾਈ।
ਖੇਤ ਵਿੱਚ ਖੰਭਾ ਲਾਉਣ ਤੋਂ ਰੋਕਣ ਲਈ ਧਰਨਾ
ਸੰਦੌੜ (ਮੁਕੰਦ ਸਿੰਘ ਚੀਮਾ): ਕਿਸਾਨ ਦੇ ਖੇਤ ਵਿੱਚ ਖੰਭਾ ਲੱਗਣ ਤੋਂ ਰੋਕਣ ਲਈ ਪਿੰਡ ਬਿਸ਼ਨਗੜ ਸਥਿਤ ਗਰਿੱਡ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਗਰੁੱਪ ਦੇ ਵੱਲੋਂ ਪੱਕੇ ਤੌਰ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਿਜਲੀ ਮਹਿਕਮੇ ਵੱਲੋਂ ਰੇਲਵੇ ਵਿਭਾਗ ਦੇ ਕੁੱਪ ਕਲਾਂ ਸਟੇਸ਼ਨ ਲਈ ਗਰਿੱਡ ਵਿੱਚੋਂ ਲਾਈਨ ਕੱਢੀ ਜਾ ਰਹੀ ਹੈ ਅਤੇ ਗਰਿੱਡ ਨੇੜੇ ਕਿਸਾਨ ਜਰਨੈਲ ਸਿੰਘ ਦੇ ਖੇਤ ਵਿੱਚ ਇਕ ਹੋਰ ਵੱਡਾ ਖੰਭਾ ਲਗਾਇਆ ਜਾ ਰਿਹਾ ਹੈ। ਕਿਸਾਨ ਯੂਨੀਅਨ ਦੇ ਆਗੂ ਡਾ. ਅਮਰਜੀਤ ਸਿੰਘ, ਸ਼ੇਰ ਸਿੰਘ ਮਹੋਲੀ, ਹੁਸ਼ਿਆਰ ਸਿੰਘ ਨੇ ਕਿਹਾ ਕਿ ਬਿਜਲੀ ਮਹਿਕਮੇ ਦੇ ਵੱਲੋਂ ਕਿਸਾਨ ਨੂੰ ਜਾਣਬੁੱਝ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਬਾਰੇ ਐੱਸਡੀਓ ਅਭਿਸ਼ੇਕ ਨੇ ਕਿਹਾ ਕਿ ਮਹਿਕਮੇ ਵੱਲੋਂ ਕਿਸਾਨ ਨੂੰ ਜੋ ਰਕਮ ਦੇਣ ਸਬੰਧੀ ਫਾਈਲ ਬਣਾ ਕੇ ਭੇਜੀ ਗਈ ਸੀ ਉਹ ਨਾਮਨਜ਼ੂਰ ਹੋ ਗਈ ਹੈ।