ਜਗਤਾਰ ਸਿੰਘ ਨਹਿਲ
ਲੌਂਗੋਵਾਲ, 23 ਅਕਤੂਬਰ
ਕਸਬੇ ਵਿੱਚ ਡੇਂਗੂ ਦੇ ਕਹਿਰ ਨੇ ਅੱਜ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਇਸ ਤਰ੍ਹਾਂ ਕਸਬੇ ਵਿੱਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 4 ’ਤੇ ਪੁੱਜ ਗਈ ਹੈ। ਦੂਜੇ ਪਾਸੇ ਸਥਾਨਕ ਦੁੱਲਟ ਪੱਤੀ ਇਲਾਕੇ ਵਿੱਚ ਡੇਂਗੂ ਕਾਰਨ ਇਕ ਹਫ਼ਤੇ ਵਿੱਚ ਇੱਕੋ ਪਰਿਵਾਰ ’ਚ ਹੋਈਆਂ 3 ਮੌਤਾਂ ਨੇ ਸਿਹਤ ਵਿਭਾਗ ਨੂੰ ਚੌਕਸ ਕਰ ਦਿੱਤਾ ਹੈ, ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ ਵੱਖ ਖੇਤਰਾਂ ਵਿੱਚੋਂ 91 ਡੇਂਗੂ ਅਤੇ 20 ਕੋਵਿਡ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।
ਵੇਰਵਿਆਂ ਅਨੁਸਾਰ ਬੂਟਾ ਸਿੰਘ ਪੁੱਤਰ ਛੱਜੂ ਸਿੰਘ (40 ਸਾਲ) ਪਿਛਲੇ ਕੁਝ ਦਿਨਾਂ ਤੋਂ ਡੇਂਗੂ ਕਾਰਨ ਬਿਮਾਰ ਚੱਲ ਰਿਹਾ ਸੀ। ਕੁਝ ਸਮਾਂ ਲੌਂਗੋਵਾਲ ਦੇ ਨਿੱਜੀ ਡਾਕਟਰਾਂ ਤੋਂ ਇਲਾਜ ਕਰਵਾਉਣ ਉਪਰੰਤ ਬੀਤੀ ਰਾਤ ਉਸ ਨੂੰ ਬਰਨਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ। ਪ੍ਰੰਤੂ ਉਸ ਦੀ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਮਾਮਲੇ ’ਤੇ ਐੱਸ.ਡੀ.ਐੱਮ. ਸੰਗਰੂਰ ਅਮਰਿੰਦਰ ਸਿੰਘ ਟਿਵਾਣਾ ਅਤੇ ਐੱਸ.ਐੱਮ.ਓ ਲੌਂਗੋਵਾਲ ਡਾ.ਅੰਜੂ ਸਿੰਗਲਾ ਦੀ ਅਗਵਾਈ ਹੇਠ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਅੱਜ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਨੇ ਨਾ ਸਿਰਫ਼ ਇਸ ਇਲਾਕੇ ਵਿੱਚ ਆ ਕੇ ਡੇਰੇ ਲਾ ਲਏ ਹਨ ਸਗੋਂ ਮੈਡੀਕਲ ਟੀਮਾਂ ਦਾ ਗਠਨ ਕਰਕੇ ਘਰ ਘਰ ਪੀੜਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਮੂਨੇ ਇਕੱਤਰ ਕੀਤੇ ਜਾ ਰਹੇ ਹਨ ਅਤੇ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
ਐੱਸ.ਐੱਮ.ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਪ੍ਰਭਾਵਿਤ ਖੇਤਰ ਦੇ ਨਿਰੀਖਣ ਲਈ 6 ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਸੰਗਰੂਰ ਵੱਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਨਵੀਰ ਕੌਰ ਅਤੇ ਡਾ. ਗੁਰਪ੍ਰੀਤ ਸਿੰਘ ਦੀ ਟੀਮ ਵੱਲੋਂ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੈਨੇਟਰੀ ਇੰਸਪੈਕਟਰ ਜਸਪਾਲ ਸਿੰਘ ਰਤਨ ਨੇ ਦੱਸਿਆ ਕਿ ਪ੍ਰਭਾਵਿਤ ਖ਼ੇਤਰ ਦੇ 4 ਘਰਾਂ ਵਿੱਚ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਗਿਆ ਹੈ ਅਤੇ 55 ਘਰਾਂ ਵਿੱਚ ਡੇਂਗੂ ਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ।