ਪੱਤਰ ਪ੍ਰੇਰਕ
ਧੂਰੀ, 29 ਜੂਨ
ਪਿੰਡ ਅਲਾਲ ਦੇ ਰੇਲਵੇ ਸਟੇਸ਼ਨ ’ਤੇ ਯਾਤਰੀ ਗੱਡੀਆਂ ਨਾ ਰੁਕਣ ਤੋਂ ਨਿਰਾਸ਼ ਇਲਾਕੇ ਕਿਸਾਨਾਂ, ਪੰਚਾਇਤੀ ਨੁੰਮਾਇੰਦਿਆਂ ਅਤੇ ਧਾਰਮਿਕ ਸੰਸਥਾਵਾਂ ਨਾਲ ਸਬੰਧਤ ਮੋਹਤਵਰਾਂ ਨੇ ਅੱਜ ਅਲਾਲ ਸਟੇਸ਼ਟ ’ਤੇ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਨੂੰ ਮੰਗ ਪੱਤਰ ਸੌਂਪਿਆਂ। ਕਰੋਨਾ ਕਾਲ ਮਗਰੋਂ ਰੇਲਵੇ ਸਟੇਸ਼ਨ ਅਲਾਲ ਵਿੱਚ ਯਾਤਰੀ ਗੱਡੀਆਂ ਰੁਕਣੀਆਂ ਬੰਦ ਹੋ ਗਈਆਂ ਸਨ ਜਿਸ ਮਗਰੋਂ ਬੀਕੇਯੂ ਏਕਤਾ ਉਗਰਾਹਾਂ ਦੇ ਸੰਘਰਸ਼ ਮਗਰੋਂ ਇੱਕ-ਦੁੱਕਾ ਗੱਡੀਆਂ ਤਾਂ ਰੁਕਣ ਲੱਗੀਆਂ ਪਰ ਜ਼ਿਆਦਾਤਰ ਗੱਡੀਆ ਇਸ ਸਟੇਸ਼ਨ ਤੋਂ ਬਿਨਾਂ ਰੁਕੇ ਲੰਘ ਜਾਣ ਤੋਂ ਲੋਕ ਪ੍ਰੇਸ਼ਾਨ ਹਨ।
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਾਬੂ ਸਿੰਘ ਮੂਲੋਵਾਲ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਪਰਗਟ ਸਿੰਘ ਮੂਲੋਵਾਲ, ਕਰਮਜੀਤ ਸਿੰਘ ਅਲਾਲ, ਪੰਚਾਇਤੀ ਨੁੰਮਾਇੰਦਿਆਂ ਦੀ ਤਰਫੋ ਜਰਨੈਲ ਸਿੰਘ ਅਲਾਲ, ਮਨਦੀਪ ਸਿੰਘ ਅਤੇ ਨੱਥਾ ਸਿੰਘ ਨੇ ਭਾਜਪਾ ਆਗੂ ਰਣਦੀਪ ਦਿਓਲ ਨੂੰ ਮੰਗ ਪੱਤਰ ਸੌਂਪਿਆ। ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਭਾਵੇਂ ਉਹ ਕੇਂਦਰੀ ਮੰਤਰੀ ਨੂੰ ਮਿਲਣਾ ਚਹੁੰਦੇ ਸਨ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਹਾਲਾਂਕਿ ਭਾਜਪਾ ਆਗੂ ਨੇ ਸਾਰਾ ਮਾਮਲਾ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਹੱਲ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ।