Computer Teachers Case: ਅਧਿਆਪਕਾਂ ਤੇ ਡੀ ਟੀ ਐੱਫ ਆਗੂਆਂ ਖ਼ਿਲਾਫ਼ ਕੇਸ ਰੱਦ ਕਰਨ ਦੀ ਮੰਗ
ਜਨਤਕ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਜਨਵਰੀ 2025 ਵਿੱਚ ਕੰਪਿਊਟਰ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਪੰਜਾਬ ਦੇ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਨਰਦੀਪ ਸ਼ਰਮਾ, ਪਰਮਵੀਰ ਸਿੰਘ, ਹਰਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਖ਼ਿਲਾਫ਼ ਦਰਜ ਕੀਤੇ ਪੁਲੀਸ ਕੇਸ ਨੂੰ ਰੱਦ ਕਰਾਉਣ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦਾ ਸਾਂਝਾ ਵਫ਼ਦ ਐੱਸ ਐੱਸ ਪੀ ਡਾ. ਰਵਜੋਤ ਗਰੇਵਾਲ ਨੂੰ ਮਿਲਿਆ। ਡੀ ਟੀ ਐੱਫ ਦੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਵਫ਼ਦ ਨੇ ਐੱਸ ਐੱਸ ਪੀ ਕੋਲ ਸਖ਼ਤ ਰੋਸ ਜਤਾਇਆ ਕਿ ਪੁਲੀਸ ਪ੍ਰਸ਼ਾਸਨ ਨੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਨਾ ਸਿਰਫ਼ ਪਰਚਾ ਦਰਜ ਕੀਤਾ, ਸਗੋਂ ਕਿਸੇ ਵੀ ਆਗੂ ਨੂੰ ਕੋਈ ਨੋਟਿਸ ਦਿੱਤੇ ਬਿਨਾਂ ਹੀ ਸਿੱਧਾ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ। ਅਧਿਆਪਕਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਇਸ ਕਾਰਵਾਈ ਦਾ ਪਤਾ ਉਦੋਂ ਲੱਗਿਆ ਜਦੋਂ ਅਦਾਲਤ ਵੱਲੋਂ ਸੰਮਨ ਆਏ, ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਵਫ਼ਦ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐੱਸ ਐੱਸ ਪੀ ਸੰਗਰੂਰ ਨੇ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਇਨਸਾਫ਼ ਕੀਤਾ ਜਾਵੇਗਾ।
ਇਸ ਵਫ਼ਦ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਜੁਝਾਰ ਲੌਂਗੋਵਾਲ, ਕੁਲਦੀਪ ਸਿੰਘ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਰਾਕੇਸ਼ ਸੁਨਾਮ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਵਿਕਰਮਦੇਵ ਸਿੰਘ, ਅਸ਼ੋਕ ਬਾਵਾ, ਜਸਬੀਰ ਨਮੋਲ ਅਤੇ ਜਗਦੇਵ ਕੁਮਾਰ ਸਮੇਤ ਕਈ ਹੋਰ ਆਗੂ ਸ਼ਾਮਲ ਸਨ।

