ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ
ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ ਨੂੰ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਨੂੰ ਮਿਲਾਉਂਦੀ ਸੜਕ ’ਤੇ ਪਿੰਡ ਚੱਠੇ ਨੱਕਟੇ ਨੇੜਿਉਂ ਲੰਘਦੇ ਸਰਹੰਦ ਚੋਅ ’ਤੇ ਬਣਿਆ ਪੁਲ਼ ਖਸਤਾ ਹਾਲ ਹੋਣ ਕਾਰਨ ਜੁਲਾਈ ਦੇ ਪਹਿਲੇ ਹਫਤੇ ਤੋਂ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ ਪਰ ਦੋਪਹੀਆ ਵਾਹਨ ਚਾਲਕਾਂ ਲਈ ਖੁੱਲ੍ਹਾ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੌਰਾਨ ਹੜ੍ਹਾਂ ਦੌਰਾਨ ਸਰਹੰਦ ਚੋਅ ਪਾਣੀ ਨਾਲ ਨੱਕੋ ਨੱਕ ਭਰ ਗਿਆ ਸੀ। ਉਦੋਂ ਪੁਲ ਦੀ ਖਸਤਾ ਹਾਲਤ ਹੋਣ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਇਸ ਪੁਲ਼ ਨੂੰ ਬੰਦ ਕਰ ਦਿੱਤਾ ਸੀ।
ਭਾਰੀ ਵਾਹਨਾਂ ਵਲਿਆਂ ਨੂੰ ਸੰਗਰੂਰ ਵਾਲੇ ਪਾਸਿਓਂ ਸੁਨਾਮ ਸ਼ਹਿਰ ਵਿੱਚ ਪਹੁੰਚਣ ਲਈ ਵਾਇਆ ਮਹਿਲਾਂ ਚੌਕ ਲੰਬਾ ਗੇੜਾ ਕੱਢਣਾ ਪੈਂਦਾ ਹੈ ਜਦੋਂ ਕਿ ਕਾਰਾਂ ਵੱਲੋਂ ਖਤਰਿਆਂ ਨਾਲ ਖੇਡ ਕੇ ਸਰਹੰਦ ਚੋਅ ਦੇ ਨਾਲ ਨਾਲ ਜਾਂਦਾ ਰਾਹ ਵਰਤਿਆ ਜਾਂਦਾ ਹੈ। ਕਰੀਬ 9 ਫੁੱਟੀ ਸੜਕ ਦੇ ਇਕ ਪਾਸੇ ਮਿੱਟੀ ਦੀ ਉੱਚੀ ਭੜੋ ਲੱਗੀ ਹੈ ਅਤੇ ਦੂਜੇ ਪਾਸੇ ਸਰਹੰਦ ਚੋਅ। ਕਈ ਕਈ ਥਾਂਵਾਂ ’ਤੇ ਸੜਕ ਚੋਅ ਦੇ ਬਿਲਕੁਲ ਕਿਨਾਰੇ ’ਤੇ ਹੈ ਜਿਥੇ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਇਸੇ ਚੋਅ ਉਪਰ ਬਣੇ ਇਕ ਪੁਲ਼ ਤੋਂ ਦੀ ਲੁਧਿਆਣਾ ਜਾਖਲ ਰੇਲਵੇ ਲਾਈਨ ਵੀ ਲੰਘਦੀ ਹੈ। ਕਾਰਾਂ ਵਾਲਿਆਂ ਨੂੰ ਉਸ ਪੁਲ ਦੇ ਥੱਲਿਓ ਦੀ ਬਿਲਕੁਲ ਚੋਅ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ। ਉੱਥੋਂ ਸੜਕ ਕੱਚੀ ਹੋਣ ਕਰਕੇ ਮੀਹਾਂ ਦੀ ਰੁੱਤ ਵਿਚ ਚਿਕੜੀ ਬਣ ਕੇ ਤਿਲ੍ਹਕਣ ਹੋ ਜਾਂਦੀ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਕਿ ਪੁਲ਼ ਦਾ ਨਿਰਮਾਣ ਜਲਦੀ ਤੋਂ ਜਲਦੀ ਕੀਤਾ ਜਾਵੇ। ਸਮਾਜਿਕ ਕਾਰਕੁਨ ਕਾਮਰੇਡ ਵਰਿੰਦਰ ਕੌਸ਼ਿਕ ਅਤੇ ਐਡਵੋਕੇਟ ਮਿਤ ਸਿੰਘ ਜਨਾਲ ਨੇ ਮੰਗ ਕੀਤੀ ਕਿ ਇਸ ਪੁਲ਼ ਦਾ ਪੁਨਰ ਨਿਰਮਾਣ ਸ਼ੁਰੂ ਕੀਤਾ ਜਾਵੇ।