ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਕੀਰਤਨ ਜਥਿਆਂ ਨੇ ਸਿੱਖ ਇਤਿਹਾਸ ’ਤੇ ਚਾਨਣਾ ਪਾਇਆ; ਗੱਤਕਾ ਟੀਮਾਂ ਨੇ ਦਿਖਾਏ ਜੌਹਰ

ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਲਹਿਰਾਗਾਗਾ ’ਚ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।

ਪੱਤਰ ਪ੍ਰੇਰਕ

ਲਹਿਰਾਗਾਗਾ, 29 ਨਵੰਬਰ

ਗੁਰਦੁਆਰਾ ਪਹਿਲੀ ਪਾਤਸ਼ਾਹੀ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਮੰਦਰ ਚੌਕ ਅਤੇ ਹੋਰ ਗਲੀ ਮੁਹੱਲਿਆਂ ’ਚੋਂ ਲੰਘਿਆ। ਕੀਰਤਨ ਜਥਿਆਂ ਨੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਫੌਜੀ ਬੈਂਡ ਅਤੇ ਬਹਾਦਰਪੁਰ ਦੀ ਗੱਤਕਾ ਟੀਮ ਨੇ ਨਗਰ ਕੀਰਤਨ ਅੱਗੇ ਗੱਤਕਾ ਪਾਰਟੀ ਵੱਲੋਂ ਆਪਣੇ ਜੌਹਰ ਦਿਖਾਏ ਗਏ। ਇਸ ਬਾਰੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਖਰੋੜ , ਜਗਤਾਰ ਸਿੰਘ ਆਦਿ ਨੇ ਨਗਰ ਕੌਂਸਲ ਦੀ ਸ਼ਹਿਰ ’ਚ ਕੂੜਾ ਕਰਕਟ ਸਾਫ਼ ਨਾ ਕਰਵਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਪਿਛਲੇ ਪੰਦਰਾਂ ਦਿਨਾਂ ਤੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਨੇ ਕੋਈ ਗੰਭੀਰਤਾ ਨਹੀਂ ਦਿਖਾਈ।

ਅਮਰਗੜ੍ਹ (ਪੱਤਰ ਪ੍ਰੇਰਕ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂਦੁਾਰਾ ਸਿੰਘ ਸਭਾ ਵੱਲੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।

ਘਨੌਰ (ਪੱਤਰ ਪ੍ਰੇਰਕ): ਗੁਰਦੁਆਰਾ ਘੜਾਮਾਂ ਖੁਰਦ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਨਿਰਮੈਲ ਸਿੰਘ, ਬਾਜ ਸਿੰਘ, ਐਡਵੋਕੇਟ ਸੁਵੇਗ ਸਿੰਘ ਸੰਧੂ ਅਤੇ ਗੁਰਬਚਨ ਸਿੰਘ ਸਮੇਤ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ।

ਭਵਾਨੀਗੜ੍ਹ (ਪੱਤਰ ਪ੍ਰੇਰਕ): ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਬੀਬੀ ਮਲਕੀਤ ਕੌਰ ਕਮਾਲਪੁਰ, ਨਿਰਮਲ ਸਿੰਘ ਭੜੋ, ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ, ਜੋਗਾ ਸਿੰਘ ਫੱਗੂਵਾਲਾ, ਹਰਵਿੰਦਰ ਸਿੰਘ ਕਾਕੜਾ, ਗੁਰਤੇਜ ਸਿੰਘ ਝਨੇੜੀ, ਰਾਮ ਸਿੰਘ ਮੱਟਰਾਂ, ਠੇਕੇਦਾਰ ਰਵਿੰਦਰ ਸਿੰਘ, ‘ਆਪ’ ਆਗੂ ਨਰਿੰਦਰ ਕੌਰ ਭਰਾਜ, ਸਤਵੰਤ ਸਿੰਘ ਖਰੇ, ਰੰਗੀ ਖਾਂ ਨੇ ਗੁਰੂਆਂ ਦੀਆਂ ਸਿਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ।

ਰਾਜਪੁਰਾ (ਪੱਤਰ ਪ੍ਰੇਰਕ): ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪੁਰਾਣਾ ਰਾਜਪੁਰਾ ਦੇ ਗੁਰਦੁਆਰਾ ਆਹਲੂਵਾਲੀਆ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ

ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਨੌਜਵਾਨਾਂ ਅਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਦੇ 551ਵੇਂ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਜਵਾ ਕਲੋਨੀ, ਪਲੇਅ ਵੇਅ ਸਕੂਲ, ਉਮੰਗ ਫਾਊਂਡੇਸ਼ਨ ਅਤੇ ਪਟਿਆਲਾ ਤਾਇਕਵਾਂਡੋਂ ਇੰਸਚੀਟਿਊਟ ਦੇ ਸਾਂਝੇ ਉੱਦਮ ਨਾਲ ਪਟਿਆਲਾ ਦੇ ਇਲਾਕੇ ਬਾਜਵਾ ਕਲੋਨੀ ਤੋਂ ਪਲੇਅਵੇਅ ਸਕੂਲ ਆਰੀਆ ਸਮਾਜ ਤੱਕ ਮੈਰਾਥਨ ਕਰਵਾਈ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਤਾਇਕਵਾਂਡੋਂ ਕੋਚ ਸਤਵਿੰਦਰ ਸਿੰਘ ਦੀ ਨਿਗਰਾਨ ਹੇਠ ਹੋਈ ਇਸ ਮੈਰਾਥਨ ਵਿੱਚ 280 ਦੇ ਕਰੀਬ ਛੋਟੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਨੇ ਭਾਗ ਲਿਆ। ਕੈਪਸ਼ਨ ਪਟਿਆਲਾ ’ਚ ਗੁਰਪੁਰਬ ਨੂੰ ਸਮਰਪਿਤ ਕਰਵਾਈ ਮੈਰਾਥਨ ਦਾ ਦ੍ਰਿਸ਼।

‘ਸ੍ਰੀ ਗੁਰੂ ਨਾਨਕ ਬਾਣੀ ਦਾ ਸਮਾਜਿਕ ਚਿੰਤਨ’ ਵਿਸ਼ੇ ’ਤੇ ਵੈਬਿਨਾਰ

ਪਟਿਆਲਾ: ਗੁਰਮਤਿ ਕਾਲਜ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੀ ਲੜੀ ਤਹਿਤ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਕੌਮਾਂਤਰੀ ਵੈਬਿਨਾਰ ‘ਸ੍ਰੀ ਗੁਰੂ ਨਾਨਕ ਬਾਣੀ ਦਾ ਸਮਾਜਿਕ ਚਿੰਤਨ’ ਵਿਸ਼ੇ ’ਤੇ ਕਰਵਾਇਆ ਗਿਆ। ਇਸ ਵੈਬਿਨਾਰ ਦਾ ਆਗਾਜ਼ ਡਾ. ਜਸਬੀਰ ਕੌਰ ਸਾਹਨੀ ਨੇ ਸ਼ਬਦ ਗਾਇਨ ਕਰ ਕੇ ਕੀਤਾ। ਕਾਲਜ ਪ੍ਰਿੰਸੀਪਲ ਡਾ. ਜਸਬੀਰ ਕੌਰ ਨੇ ਵੈਬਿਨਾਰ ਵਿਚ ਸ਼ਾਮਲ ਵਿਦਵਾਨਾਂ ਅਤੇ ਸ੍ਰੋਤਿਆਂ ਨੂੰ ਜੀ ਆਇਆ ਕਹਿੰਦਿਆਂ ਸਵਾਗਤ ਕੀਤਾ। ਡਾ. ਕਵਲਜੀਤ ਸਿੰਘ ‘ਪੰਜਾਬੀ ਯੂਨੀਵਰਸਿਟੀ ਪਟਿਆਲਾ’ ਇਸ ਸਮਾਗਮ ਦੇ ਮੁੱਖ ਬੁਲਾਰੇ ਸਨ। ਵੈਬਿਨਾਰ ’ਚ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All